ਪੱਤਰ ਪ੍ਰੇਰਕ
ਫਰੀਦਾਬਾਦ, 23 ਮਈ
ਹਰਿਆਣਾ ਸਰਕਾਰ ਨੇ ਦਿੱਲੀ, ਪਲਵਲ, ਫਰੀਦਾਬਾਦ, ਸੋਨੀਪਤ ਤੇ ਹਰਿਆਣਾ ਦੇ ਜ਼ਿਲ੍ਹਿਆਂ ਤੋਂ ਇਲਾਵਾ ਇਕ ਦਰਜਨ ਸ਼ਹਿਰਾਂ ਵਿਚ 31 ਮਈ ਤੱਕ ਤਾਲਾਬੰਦੀ ਸਖਤੀ ਨਾਲ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹਰਿਆਣਾ ਸਰਕਾਰ ਨੇ ਸੋਮਵਾਰ ਤੋਂ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਗਲੀ ਮੁਹੱਲੇ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ, ਜਿਸ ਨਾਲ ਲੋਕਾਂ ਤੇ ਕਾਰੋਬਾਰੀਆਂ ਨੂੰ ਰਾਹਤ ਮਿਲੀ ਹੈ। ਬਾਜ਼ਾਰਾਂ ‘ਚ ‘ਜਿਸਤ-ਟਾਂਕ’ ਫਾਰਮੂਲੇ ਦੇ ਆਧਾਰ ‘ਤੇ ਦੁਕਾਨਾਂ ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੀਆਂ। ਹਰਿਆਣਾ ਸਰਕਾਰ ਦੇ ਆਦੇਸ਼ ਅਨੁਸਾਰ ਈਵਨ ਨੰਬਰ 2, 4, 6, 8, 10, 12, 14, 16, 18, 20, 22, 24, 26, 28, 30 ਮਿਤੀ ਨੂੰ ਇਸ ਨੰਬਰ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਔਡ ਨੰਬਰਾਂ ਵਾਲੀਆਂ ਦੁਕਾਨਾਂ 1, 3, 5, 7, 9, 11, 13, 15, 17, 19, 21, 23, 25, 27, 29 ਤੇ 31 ਨੂੰ ਖੁੱਲ੍ਹਣਗੀਆਂ। ਕਿਸੇ ਖੇਤਰ ਵਿੱਚ ਇੱਕ ਕਿਸਮ ਦੀਆਂ ਚੀਜ਼ਾਂ ਦੀਆਂ ਇੱਕ ਤੋਂ ਵੱਧ ਤਹਿ ਕੀਤੀਆਂ ਦੁਕਾਨਾਂ ਹਨ ਤਾਂ ਸਬੰਧਤ ਨਗਰ ਨਿਗਮ ਜਾਂ ਮਿਉਂਸਿਪਲ ਕਮੇਟੀ ਨੂੰ ਉਨ੍ਹਾਂ ਦੁਕਾਨਾਂ ‘ਤੇ ਨੰਬਰ ਪਾ ਕੇ ‘ਔਡ-ਈਵਨ’ ਅਨੁਸਾਰ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਇਸ ਸਮੇਂ ਦੌਰਾਨ ਸਾਰੇ ਦੁਕਾਨਦਾਰ ਖ਼ਾਸ ਤੌਰ ‘ਤੇ ਧਿਆਨ ਰੱਖਣਗੇ ਕਿ ਭੀੜ ਦੁਕਾਨ’ ਤੇ ਇਕੱਠੀ ਨਾ ਹੋਵੇ। ਜੇਕਰ ਪਾਇਆ ਗਿਆ ਤਾਂ ਸਬੰਧਤ ਦੁਕਾਨਦਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੁਕਾਨਦਾਰਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਦੁਕਾਨਾਂ ’ਤੇ ਇਕੱਠ ਨਾ ਕਰਨ। ਦੁਕਾਨਦਾਰਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ।