ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਜੂਨ
ਕੇਂਦਰੀ ਜੇਲ੍ਹ ਅੰਬਾਲਾ ਵਿੱਚ ਮੰਗਲਵਾਰ ਨੂੰ ਇਕ ਹਵਾਲਾਤੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਅੱਜ ਫਿਰ ਇਕ ਹਵਾਲਾਤੀ ਸੰਦੀਪ ਗਿੱਲ ਨੇ ਕਿਸੇ ਤਿੱਖੀ ਚੀਜ਼ ਨਾਲ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਬਲਦੇਵ ਨਗਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੇਲ੍ਹ ਦੇ ਉਪ-ਸਹਾਇਕ ਸੁਪਰਡੈਂਟ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਹਵਾਲਾਤੀ ਬੰਦੀ ਸੰਦੀਪ ਗਿੱਲ ਵਾਸੀ ਪਯੋਦਾ, ਜ਼ਿਲ੍ਹਾ ਕੈਥਲ ਖ਼ਿਲਾਫ਼ ਧਾਰਾ 346/302/120ਬੀ/180 ਆਈਪੀਸੀ ਤਹਿਤ ਸੈਕਟਰ-20 ਪੰਚਕੂਲਾ ਵਿੱਚ ਕੇਸ ਦਰਜ ਸੀ। ਇਸ ਸਬੰਧੀ ਉਹ ਕੇਂਦਰੀ ਜੇਲ੍ਹ ਅੰਬਾਲਾ ਵਿੱਚ ਬੰਦ ਹੈ। ਅੱਜ ਗਿਣਤੀ ਖੁੱਲ੍ਹਦਿਆਂ ਹੀ 36 ਚੱਕੀ ਵਿੱਚ ਬੰਦ ਸੰਦੀਪ ਗਿੱਲ ਨੇ ਕਿਸੇ ਤਿੱਖੀ ਚੀਜ਼ ਨਾਲ ਆਪਣੇ ਆਪ ਨੂੰ ਸੱਟ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਲਿਜਾਂਦਾ ਗਿਆ। ਪੁਲੀਸ ਨੇ ਸੰਦੀਪ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।