ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਜੂਨ
ਝੱਜਰ ਵਿੱਚ ਬੀਤੇ ਦਿਨ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਓਮ ਪ੍ਰਕਾਸ਼ ਧਨਖੜ ਵੱਲੋਂ ਭਾਜਪਾ ਦੇ ਨਵੇਂ ਦਫ਼ਤਰ ਦੇ ਰੱਖੇ ਗਏ ਨੀਂਹ ਪੱਥਰ ਨੂੰ ਕਿਸਾਨਾਂ ਨੇ ਉਖਾੜ ਕੇ ਉਥੇ ਕਾਲੇ ਝੰਡੇ ਗੱਡ ਦਿੱਤੇ ਸਨ, ਜਿਸ ਦਾ ਵਿਰੋਧ ਕਰਦਿਆਂ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਗਈ ਹੈ ਤੇ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਤਾਲਾਬੰਦੀ ਵਿੱਚ ਦਿੱਤੀ ਗਈ ਢਿੱਲ ਬਾਰੇ ਗੱਲ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਕਰੋਨਾ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਕੇਸ ਘੱਟ ਜ਼ਰੂਰ ਹੋਏ ਹਨ ਪਰ ਖ਼ਤਮ ਨਹੀਂ। ਵਿੱਜ ਨੇ ਕਿਹਾ ਕਿ ਲੋਕਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਮਜਬੂਰੀ ਵੱਸ ਹਰਿਆਣਾ ਸਰਕਾਰ ਮੁੜ ਤਾਲਾਬੰਦੀ ਕਰ ਸਕਦੀ ਹੈ।