ਨਿੱਜੀ ਪੱਤਰ ਪ੍ਰੇਰਕ
ਸਿਰਸਾ, 26 ਜੁਲਾਈ
ਗੁਲਾਬੀ ਸੁੰਡੀ ਤੇ ਮੀਂਹ ਕਾਰਨ ਸਾਲ 2020 ਵਿੱਚ ਨੁਕਸਾਨੀ ਨਰਮੇ ਤੇ ਹੋਰ ਫ਼ਸਲਾਂ ਦੀ ਬੀਮਾ ਰਾਸ਼ੀ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਹੈ। ਕਲੇਮ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਏਕਤਾ ਦੇ ਬੈਨਰ ਹੇਠ ਕਿਸਾਨਾਂ ਨੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਤੇ ਭਲਕੇ 27 ਜੁਲਾਈ ਨੂੰ ਜ਼ਿਲ੍ਹਾ ਖੇਤੀ ਬਾੜੀ ਅਧਿਕਾਰੀ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ। ਇਸ ਦੌਰਾਨ ਭਾਰਤੀ ਕਿਸਾਨ ਏਕਤਾ (ਬੀਕੇਈ) ਦੇ ਸੂਬਾਈ ਪ੍ਰਧਾਨ ਲੱਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਸਾਲ 2020 ਵਿੱਚ ਸਾਉਣੀ ਦੀ ਫ਼ਸਲ ਨਰਮਾ ਤੇ ਹੋਰ ਫ਼ਸਲਾਂ ਗੁਲਾਬੀ ਸੁੰਡੀ ਨਾਲ ਨੁਕਸਾਨੀਆਂ ਗਈਆਂ ਸਨ ਪਰ ਹਾਲੇ ਤੱਕ ਜ਼ਿਲ੍ਹੇ ਦੇ ਕਰੀਬ 111 ਪਿੰਡਾਂ ਦੇ ਕਿਸਾਨਾਂ ਨੂੰ ਬੀਮਾ ਰਾਸ਼ੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਸਾਉਣੀ ਦਾ ਕਲੇਮ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਹੈ, ਜੋ ਕਰੀਬ 92.5 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਬੀਮਾ ਰਾਸ਼ੀ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦੀ ਕੋਈ ਅਧਿਕਾਰੀ ਗੱਲ ਹੀ ਨਹੀਂ ਸੁਣ ਰਿਹਾ। ਇਸ ਮੌਕੇ ’ਤੇ ਅੰਗਰੇਜ਼ ਸਿੰਘ ਕੋਟਲੀ, ਨਿੱਕਾ ਸਿੰਘ, ਮਲਕੀਤ ਸਿੰਘ, ਗੁਰਚਰਨ ਸਿੰਘ ਆਦਿ ਸਮੇਤ ਹੋਰ ਕਿਸਾਨ ਮੌਜੂਦ ਸਨ।