ਪ੍ਰਭੂ ਦਿਆਲ
ਸਿਰਸਾ, 27 ਮਾਰਚ
ਪਿਛਲੇ ਅੱਠ ਮਹੀਨਿਆਂ ਤੋਂ ਤਨਖਾਹਾਂ ਤੇ 14 ਮਹੀਨਿਆਂ ਤੋਂ ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਨਾ ਮਿਲਣ ਤੋਂ ਰੋਹ ਵਿੱਚ ਆਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸੀਡੀਪੀਓ ਦੇ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਵਰਕਰਾਂ ਨੇ ਦੱਸਿਆ ਕਿ ਪਿਛਲੇ ਅੱਠ ਮਹੀਨਿਆਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਿਹਨਤਾਨਾ ਨਹੀਂ ਮਿਲਿਆ ਹੈ। ਕਿਰਾਏ ’ਤੇ ਚੱਲਣ ਵਾਲੇ ਸੈਂਟਰਾਂ ਦਾ ਚੌਦਾਂ ਮਹੀਨਿਆਂ ਦਾ ਕਿਰਾਇਆ ਨਹੀਂ ਦਿੱਤਾ ਗਿਆ, ਜਿਸ ਕਾਰਨ ਮਾਲਕਾਂ ਵੱਲੋਂ ਸੈਂਟਰਾਂ ਨੂੰ ਜਿੰਦਰੇ ਲਾਏ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਤਨਖ਼ਾਹਾਂ ਨਾ ਮਿਲਣ ਕਾਰਨ ਵਰਕਰਾਂ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਹੈ। ਇਸ ਲਈ ਸਰਕਾਰ ਉਨ੍ਹਾਂ ਦੀ ਤਨਖਾਹ ਜਾਰੀ ਜਾਰੀ ਕਰੇ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸੋਮਵਾਰ ਤੱਕ ਆਂਗਣਵਾੜੀ ਵਰਕਰਾਂ ਨੂੰ ਸਾਰੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।