ਨਿਜੀ ਪੱਤਰ ਪ੍ਰੇਰਕ
ਅੰਬਾਲਾ, 3 ਨਵੰਬਰ
ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਦੇ 34ਵੇਂ ਦਿਨ ਅੱਜ ਕਾਲੇ ਕੱਪੜੇ ਪਾ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਡੀਸੀ ਦਫ਼ਤਰ ਵਿੱਚ ਧਰਨਾ ਦੇਣ ਤੋਂ ਬਾਅਦ ਉਨ੍ਹਾਂ ਨੇ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦੇ ਬੈਨਰ ਹੇਠ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ। ਇਸ ਦੌਰਾਨ ਵਰਕਰ ਅਗਰਸੇਨ ਚੌਕ ਵਿਚ ਸੜਕ ’ਤੇ ਬੈਠ ਗਈਆਂ ਅਤੇ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਕੋਸਦਿਆਂ ਉਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਯੂਨੀਅਨ ਦੀ ਪ੍ਰਦੇਸ਼ ਜਨਰਲ ਸਕੱਤਰ ਅਨੁਪਮਾ ਨੇ ਦੱਸਿਆ ਕਿ 2018 ਵਿੱਚ ਉਨ੍ਹਾਂ ਨੇ ਕਰੀਬ ਇਕ ਮਹੀਨਾ ਧਰਨਾ ਦਿੱਤਾ ਸੀ ਜਿਸ ਦੌਰਾਨ ਉਨ੍ਹਾਂ ਦਾ ਮੰਗਾਂ ਬਾਰੇ ਸਰਕਾਰ ਨਾਲ ਸਮਝੌਤਾ ਹੋਇਆ ਸੀ। ਉਨ੍ਹਾਂ ਦੀ ਮੁੱਖ ਮੰਗ ਵਰਕਰਾਂ ਅਤੇ ਹੈਲਪਰਾਂ ਨੂੰ ਕੁਸ਼ਲ ਅਤੇ ਗੈਰਕੁਸ਼ਲ ਕੈਟਾਗਰੀ ਵਿੱਚ ਸ਼ਾਮਲ ਕਰਨ ਦੀ ਸੀ। ਇਸ ਸਮਝੌਤੇ ਤਹਿਤ ਉਨ੍ਹਾਂ ਨੂੰ ਪੀਐੱਫ, ਮਹਿੰਗਾਈ ਭੱਤਾ, ਮੈਡੀਕਲ ਲੀਵ, ਸੇਵਾਮੁਕਤ ਹੋਣ ’ਤੇ ਯਕਮੁਸ਼ਤ ਰਕਮ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਰਕਾਰ ਨੇ ਉਹ ਸਮਝੌਤਾ/ਵਾਅਦਾ ਅੱਜ ਤੱਕ ਪੂਰਾ ਨਹੀਂ ਕੀਤਾ। ਇਸ ਮੰਗ ਨੂੰ ਲੈ ਕੇ ਉਨ੍ਹਾਂ ਨੇ 22 ਜੁਲਾਈ ਨੂੰ ਕੈਥਲ ਵਿੱਚ ਮੰਤਰੀ ਕਮਲੇਸ਼ ਢਾਂਡਾ ਦੇ ਨਿਵਾਸ ਦੇ ਬਾਹਰ ਵੀ ਧਰਨਾ ਸ਼ੁਰੂ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਸਰਕਾਰ ਨੇ ਉਨ੍ਹਾਂ ਦੀ ਯੂਨੀਅਨ ਦੀ ਕੈਥਲ ਇਕਾਈ ਦੀ ਪ੍ਰਧਾਨ ਕਮਲਾ ਨੂੰ ਬਰਖ਼ਾਸਤ ਕਰ ਦਿੱਤਾ ਸੀ। ਉਹ ਆਪਣੀ ਇਸ ਆਗੂ ਦੀ ਬਹਾਲੀ ਦੀ ਵੀ ਮੰਗ ਕਰ ਰਹੀਆਂ ਹਨ।