ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 22 ਅਪਰੈਲ
ਅੰਬਾਲਾ ਕੈਂਟ ਦੇ ਕੁਲਦੀਪ ਨਗਰ ਸਥਿਤ ਗੁਲਾਟੀ ਕੰਪਲੈਕਸ ਨੇੜੇ ਲੰਘੀ ਰਾਤ ਇਕ ਬਜ਼ੁਰਗ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 70 ਸਾਲਾ ਜੈ ਬਹਾਦਰ ਵਾਸੀ ਕੰਡੋਰਾ, ਜ਼ਿਲ੍ਹਾ ਗੌਂਡਾ (ਯੂਪੀ) ਵਜੋਂ ਹੋਈ ਹੈ। ਮ੍ਰਿਤਕ ਦੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਹਨ। ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਬਾਲਾ ਕੈਂਟ ਪਹੁੰਚਾਈ। ਲਾਸ਼ ਕੋਲੋਂ ਪੁਲੀਸ ਨੂੰ ਰੋਟੀ, ਪਾਣੀ ਅਤੇ ਦੇਸੀ ਸ਼ਰਾਬ ਦੀ ਬੋਤਲ ਮਿਲੀ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਸੁਭਾਸ਼ ਨਾਂ ਦੇ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ ਜੋ ਕਿ ਮ੍ਰਿਤਕ ਦਾ ਸਾਥੀ ਹੈ। ਹੱਤਿਆ ਦੇ ਪਿੱਛੇ ਦਾ ਕਾਰਨ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਥਾਣਾ ਪੜਾਓ ਦੇ ਐਸਐਚਓ ਨੇ ਦੱਸਿਆ ਕਿ ਪੁੱਛਗਿਛ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।