ਪੱਤਰ ਪ੍ਰੇਰਕ
ਪਿਹੋਵਾ, 27 ਅਕਤੂਬਰ
ਇਥੇ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪਾਲਿਕਾ ਕੰਪਲੈਕਸ ’ਚ ਧਰਨੇ ’ਤੇ ਡਟੇ ਹੋਏ ਹਨ ਜਿਸ ਕਾਰਨ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗ ਗਏ ਹਨ। ਦੂਜੇ ਪਾਸੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਕਨਵੀਨਰ ਅਤੇ ਪੰਜਾਬ ਯੂਥ ਕਾਂਗਰਸ ਦੇ ਸਹਿ-ਇੰਚਾਰਜ ਹਰਮਨਦੀਪ ਸਿੰਘ ਵਿਰਕ ਧਰਨੇ ਵਾਲੀ ਥਾਂ ’ਤੇ ਉਨ੍ਹਾਂ ਦਾ ਸਾਥ ਦੇਣ ਲਈ ਪੁੱਜੇ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਜਿੱਥੇ ਸਾਰਿਆਂ ਨੇ ਆਪਣੇ ਤਿਉਹਾਰਾਂ ਨੂੰ ਧੂਮਧਾਮ ਨਾਲ ਮਨਾਇਆ, ਉੱਥੇ ਹੀ ਸਰਕਾਰ ਅਤੇ ਪ੍ਰਸ਼ਾਸਨ ਦੇ ਨੁਮਾਇੰਦੇ ਵੀ ਤਿਉਹਾਰਾਂ ਨੂੰ ਲੈ ਕੇ ਰੁੱਝੇ ਹੋਏ ਸਨ, ਜਦਕਿ ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਮਿਆਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ, ਜਿਨ੍ਹਾਂ ਨੂੰ ਸਰਕਾਰ ਨੂੰ ਮੰਨਣਾ ਚਾਹੀਦਾ ਹੈ।