ਪੱਤਰ ਪ੍ਰੇਰਕ
ਫਰੀਦਾਬਾਦ, 26 ਅਕਤੂਬਰ
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਵੀਰਵਾਰ ਨੂੰ ਫਰੀਦਾਬਾਦ ਦੇ ਸੈਕਟਰ-12 ਦੇ ਮੈਦਾਨ ਤੋਂ ਸੂਬੇ ਵਿੱਚ 6600 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਰੈਲੀ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਕਰਨਗੇ। ਜਨ ਉਤਸਵ ਰੈਲੀ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਜਾਣਕਾਰੀ ਮੁਤਾਬਿਕ ਇਸ ਦੌਰਾਨ ਗ੍ਰਹਿ ਮੰਤਰੀ ਪਲਵਲ ਤੋਂ ਹਰਸਾਣਾ ਕਲਾਂ ਤੱਕ ਹਰਿਆਣਾ ਔਰਬਿਟਲ ਰੇਲ ਕੌਰੀਡੋਰ ਦਾ ਨੀਂਹ ਪੱਥਰ ਅਤੇ ਰੋਹਤਕ ਐਲੀਵੇਟਿਡ ਰੇਲ ਮਾਰਗ, ਰੇਲ ਕੋਚ ਰਿਨੋਵੇਸ਼ਨ ਫੈਕਟਰੀ ਬੜੀ (ਸੋਨੀਪਤ) ਅਤੇ ਹਰਿਆਣਾ ਪੁਲੀਸ ਰਿਹਾਇਸ਼ੀ ਕੰਪਲੈਕਸ ਭੋਂਡਸੀ ਦਾ ਉਦਘਾਟਨ ਕੀਤਾ ਜਾਵੇਗਾ।
ਸੈਕਟਰ 12 ਦੇ ਮੈਦਾਨ ਵਿੱਚ ਪ੍ਰਦਰਸ਼ਨੀ ਵਿੱਚ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੇਲਵੇ ਨਾਲ ਸਬੰਧਤ ਪ੍ਰਾਜੈਕਟਾਂ ਨੂੰ ਦਿਖਾਇਆ ਜਾਵੇਗਾ।
ਲੋਕਾਂ ਨੂੰ ਸੂਰਜਕੁੰਡ ਰਾਹੀਂ ਫਰੀਦਾਬਾਦ ਵੱਲ ਨਾ ਜਾਣ ਦੀ ਅਪੀਲ
ਦਿੱਲੀ ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਰੋਡ, ਮਹਿਰੌਲੀ-ਬਦਰਪੁਰ ਰੋਡ, ਸੂਰਜਕੁੰਡ ਤੋਂ ਫਰੀਦਾਬਾਦ ਵੱਲ ਜਾਣ ਤੋਂ ਬਚਣ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਇੱਕ ਟਵੀਟ ਵਿੱਚ ਟਰੈਫਿਕ ਪੁਲੀਸ ਨੇ ਕਿਹਾ, ‘ਦਿੱਲੀ ਅਤੇ ਹਰਿਆਣਾ ਦੇ ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ 28 ਨੂੰ ਦਿਨ ਵੇਲੇ ਵਿਸ਼ੇਸ਼ ਸੁਰੱਖਿਆ/ਟਰੈਫਿਕ ਪ੍ਰਬੰਧਾਂ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਦਾ ਸਮਾਂ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਰੋਡ ਤੋਂ ਐਮਬੀ ਰੋਡ ਤੋਂ ਸੂਰਜ ਕੁੰਡ ਤੱਕ ਫਰੀਦਾਬਾਦ ਵੱਲ ਜਾਣ ਤੋਂ ਬਚਣ।