ਪ੍ਰਭੂ ਦਿਆਲ
ਸਿਰਸਾ, 6 ਜੂਨ
ਇਥੋਂ ਦਾ ਕੀਰਤੀ ਨਗਰ ਦਾ ਸੰਦੀਪ ਸਿੰਘ ਅਮਰੀਕਾ ਜਾਣ ਦੇ ਚੱਕਰ ਵਿੱਚ 25 ਲੱਖ ਰੁਪਏ ਗੁਆ ਕੇ ਅੱਠ ਮਹੀਨੇ ਜੇਲ੍ਹ ਰਹਿਣ ਮਗਰੋਂ ਘਰ ਮੁੜਿਆ ਹੈ। ਸੰਦੀਪ ਸਿੰਘ ਨੇ ਠੱਗੀ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਦਸਵੀਂ ਪਾਸ ਹੈ। ਸਾਲ 2019 ਵਿੱਚ ਉਸ ਦਾ ਸੰਪਰਕ ਆਪਣੀ ਮਾਮੀ ਦੇ ਜ਼ਰੀਏ ਪਿਹੋਵਾ ਦੇ ਸਮਰ ਸਿੰਘ ਨਾਲ ਹੋਇਆ। ਸਮਰ ਸਿੰਘ ਨੇ ਉਸ ਨੂੰ ਅਮਰੀਕਾ ਭਜੇਣ ਦੀ ਗੱਲ ਕਹੀ ਤੇ ਇਸ ਦੇ ਬਦਲੇ 25 ਲੱਖ ਰੁਪਏ ਦੀ ਮੰਗ ਕੀਤੀ। ਇਸ ਸਾਲ 12 ਮਈ ਨੂੰ ਉਸ ਦੇ ਚਾਚੇ ਸੁਖਵਿੰਦਰ ਸਿੰਘ ਨੇ ਸਮਰ ਸਿੰਘ ਨੂੰ 25 ਲੱਖ ਰੁਪਏ ਦੇ ਦਿੱਤੇ ਤੇ 13 ਮਈ ਨੂੰ ਉਸ ਦੀ ਟਿਕਟ ਦਿੱਲੀ ਤੋਂ ਇਕਵਾਡੋਰ ਲਈ ਬੁੱਕ ਕੀਤੀ ਗਈ ਸੀ। 13 ਮਈ ਨੂੰ ਉਹ ਜਹਾਜ਼ ਰਾਹੀਂ ਇਕਵਾਡੋਰ 15 ਮਈ ਨੂੰ ਪੁੱਜਿਆ। ਉਥੇ ਚਾਰ ਦਿਨ ਇਕ ਹੋਟਲ ਵਿੱਚ ਰਿਹਾ। ਚੌਥੇ ਦਿਨ ਉਥੋਂ ਉਹ ਮਕਸਿਕੋ ਲਈ ਜਹਾਜ਼ ’ਤੇ ਚੜ੍ਹਿਆ। ਮਕਸਿਕੋ ਪਹੁੰਚਣ ’ਤੇ ਉਸ ਦੇ ਕੋਈ ਰਹਿਣ, ਖਾਣ-ਪੀਣ ਦਾ ਪ੍ਰਬੰਧ ਨਹੀਂ ਸੀ। ਉਸ ਉਸ ਨੂੰ ਪੁਲੀਸ ਨੇ ਫੜ ਲਿਆ ਤੇ ਜੇਲ੍ਹ ’ਚ ਬੰਦ ਕਰ ਦਿੱਤਾ। ਕਿਸੇ ਤਰ੍ਹਾਂ ਘਰਦਿਆਂ ਨਾਲ ਸੰਪਰਕ ਕੀਤਾ ਤੇ ਉਹ ਵਾਪਸ ਆ ਸਕਿਆ ਹੈ।