ਗੁਰਦੀਪ ਸਿੰਘ ਭੱਟੀ
ਟੋਹਾਣਾ, 19 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਅੱਜ ਇੱਥੇ ਅਨਾਜ ਮੰਡੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਹੋਵੇ ਕਿਸਾਨਾਂ ਨੂੰ ਸੋਧਾਂ ਬਿਲਕੁਲ ਮਨਜ਼ੂਰ ਨਹੀਂਂ ਹੋਣਗੀਆਂ। ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਘੋਲ ਅੱਜ ਦੇਸ਼ ਦੇ ਕਈ ਸੂਬਿਆਂ ਤੱਕ ਫੈਲ ਚੁੱਕਿਆ ਹੈ। ਦੇਸ਼ ਦੇ ਕਿਸਾਨ, ਮਜ਼ਦੂਰ, ਵਪਾਰੀਆਂ, ਕਰਮਚਾਰੀਆਂ ਤੇ ਹੋਰ ਗ਼ਰੀਬ ਪਰਿਵਾਰਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਾਜ ਦੀਆਂ ਜੱਥੇਬੰਦੀਆਂ ਵੱਲੋਂ ਮਿਲੇ ਸਮਰਥਨ ਤੇ ਕਿਸਾਨ ਆਗੂਆਂ ਦੀ ਜ਼ਿੰਮੇਵਾਰੀ ਵਧ ਗਈ ਹੈ। ਸ੍ਰੀ ਬੁਰਜਗਿੱਲ ਨੇ ਸਪੱਸ਼ਟ ਕੀਤਾ ਕਿ ਸੰਘਰਸ਼ ਭਾਵੇਂ ਲੰਬਾ ਚੱਲੇ, ਪਰ ਕਿਸਾਨ ਦਿੱਲੀ ਬਾਰਡਰ ਖਾਲੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਆਗੂ ਆਖ਼ਰੀ ਦਮ ਤੱਕ ਦਿੱਲੀ ਬਾਰਡਰ ’ਤੇ ਕੇਂਦਰ ਸਰਕਾਰ ਖ਼ਿਲਾਫ਼ ਡਟੇ ਰਹਿਣਗੇ। ਸ੍ਰੀ ਬੂਟਾ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਇਸ ਘੋਲ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਕੇਂਦਰ ਸਰਕਾਰ ਖ਼ਿਲਾਫ਼ ਲੜੀ ਜਾ ਰਹੀ ਲੰਬੀ ਲੜਾਈ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਨੂੰ ਕੇਂਦਰ ਨੂੰ ਦੋਗਲੀ ਨੀਤੀ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਇਕ ਪਾਸੇ ਖੇਤੀ ਕਾਨੂੰਨਾਂ ਨੂੰ ਦੱਖਣੀ ਭਾਰਤ ਦੇ ਕਿਸਾਨਾ ਨੂੰ ਚੰਗੇ ਲਾਭਦਾਇਕ ਦੱਸ ਕੇ ਪੁਚਕਾਰਿਆ ਜਾ ਰਿਹਾ ਹੈ, ਜਦੋਂਕਿ ਦਿੱਲੀ ਦੇ ਬੂਹੇ ’ਤੇ ਬੈਠੇ ਲੱਖਾਂ ਕਿਸਾਨ, ਬੀਬੀਆਂ, ਬੱਚੇ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੰਡੀ ਦੇ ਵਪਾਰੀਆਂ, ਮਜ਼ਦੂਰਾਂ, ਮੁਨੀਮਾਂ ਨੂੰ ਭਾਵੁਕ ਅਪੀਲ ਕੀਤੀ ਕਿ ਉਹ ਬੇਸ਼ਕ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ, ਪਰ ਇਨਸਾਨੀਅਤ ਦੇ ਤੌਰ ’ਤੇ ਇੱਕ ਵਾਰ ਸੰਘਰਸਸ਼ੀਲ ਲੋਕਾਂ ਵਿੱਚ ਜਾ ਕੇ ਹੌਸਲਾ ਵਧਾਉਣ। ਬੂਟਾ ਸਿੰਘ ਨੇ ਕਿਹਾ ਕਿ ਸੰਤ ਰਾਮ ਸਿੰਘ ਸੀਘੜਾਂ ਸਣੇ 24 ਕਿਸਾਨ ਸੰਘਰਸ਼ ਦੌਰਾਨ ਜਾਨਾਂ ਦੇ ਚੁੱਕੇ ਹਨ। ਇਸ ਮੌਕੇ ਮੰਡੀ ਟੋਹਾਣਾ ਦੇ ਪ੍ਰਧਾਨ ਰਘੁਵੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਝੂਠ ਬੋਲਣ ਦੇ ਗੁਰ ਸਿਖਾਏ ਤੇ ਉਸਨੂੰ ਲੋਕਾਂ ਨੇ ਬਾਹਰ ਦਾ ਰਾਹ ਦਿਖਾ ਦਿੱਤਾ। ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਜਸਕੰਵਰ ਸਿੰਘ, ਪ੍ਰਕਾਸ਼ ਸਿੰਘ ਭੱਟੀ, ਡਾ: ਸੱਚਦੇਵਾ ਨੇ ਉਨ੍ਹਾਂ ਨੂੰ ਸਿਰੋਪਾਏ ਦਿੱਤੇ ।
‘ਆਪ’ ਦਿੱਲੀ ਦੇ ਲੋਕਾਂ ਭਟਕਾਉਣਾ ਚਾਹੁੰਦੀ ਹੈ: ਭਾਜਪਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਦੋਸ਼ ਲਾਇਆ ਕਿ ਉਹ ਵਿਧਾਨ ਸਭਾ ਤੇ ਦਿੱਲੀ ਵਿੱਚ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਪਾੜਨ ਦਾ ਡਰਾਮਾ ਕਰ ਕੇ ਤੇ ਨਗਰ ਨਿਗਮ ਦੇ ਭ੍ਰਿਸ਼ਟਾਚਾਰ ਬਾਰੇ ਵਿਚਾਰ ਵਟਾਂਦਰੇ ਕਰਕੇ ਦੇਸ਼ ਤੇ ਦਿੱਲੀ ਦੇ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਹੈ। ਅਨਿਲ ਕੁਮਾਰ ਨੇ ਕਿਹਾ ਕਿ 24 ਦਿਨਾਂ ਦੇ ਕਿਸਾਨ ਅੰਦੋਲਨ ਵਿੱਚ 25 ਤੋਂ ਵੱਧ ਕਿਸਾਨ ਕੜਾ ਕੇ ਦੀ ਠੰਢ ਕਾਰਨ ਮਰ ਚੁੱਕੇ ਹਨ ਤੇ ਅਰਵਿੰਦ ਕੇਜਰੀਵਾਲ ਕਿਸਾਨੀ ਪ੍ਰਤੀ ਝੂਠੀ ਹਮਦਰਦੀ ਦਿਖਾਉਣ ਲਈ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦਿਆਂ ਆਪਣੀ ਰਾਜਨੀਤਿਕ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਰਾਜੀਵ ਭਵਨ ਦੇ ਸੂਬਾ ਦਫਤਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਨਿਲ ਕੁਮਾਰ ਨੇ ਕਿਹਾ ਕਿ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾ ਕੇ ਤੇ ਕਿਸਾਨਾਂ ਪ੍ਰਤੀ ਆਪਣੀ ਦਿਲਚਸਪੀ ਤੇ ਹਮਦਰਦੀ ਦਿਖਾਉਣ ਦੀ ਕੋਸ਼ਿਸ਼ ਕਰਕੇ ਦੇਸ਼ ਤੇ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅਨਿਲ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਦਾ ਦੋਹਰਾ ਚਿਹਰਾ ਇਸ ਤੱਥ ਤੋਂ ਪ੍ਰਗਟ ਹੁੰਦਾ ਹੈ ਕਿ ਉਸਨੇ ਤਿੰਨ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਦਿੱਤੀਆਂ ਪਰ ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਕਿਸਾਨ ਬਿੱਲਾਂ ਦੇ ਹੱਕ ਵਿੱਚ ਨਹੀਂ ਪੜ੍ਹਿਆ ਜੋ 23 ਨਵੰਬਰ ਨੂੰ ਦਿੱਲੀ ਵਿਚ ਲਾਗੂ ਕੀਤਾ ਗਿਆ ਹੈ।