ਪੱਤਰ ਪ੍ਰੇਰਕ
ਟੋਹਾਣਾ, 16 ਅਕਤੂਬਰ
ਆਦਮਪੁਰ ਜ਼ਿਮਨੀ ਚੋਣ ਵਿੱਚ ਭਾਜਪਾ-ਜਜਪਾ ਦੇ ਸਾਂਝੇ ਉਮੀਦਵਾਰ ਭਵਯ ਬਿਸ਼ਨੋਈ ਵੱਲੋਂ ਦਾਖ਼ਲ ਕੀਤੇ ਪਰਚੇ ਵਿੱਚ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ ਘਿਰ ਗਏ ਹਨ।
ਇਸ ਸਬੰਧੀ ਆਦਮਪੁਰ ਵਿਧਾਨ ਸਭਾ ਦੇ ਰਾਜੇਸ਼ ਜਾਖੜ ਨੇ ਮੁੱਖ ਚੋਣ ਕਮਿਸ਼ਨਰ ਤੇ ਚੋਣ ਅਧਿਕਾਰੀ ਹਿਸਾਰ ਨੂੰ ਸਬੂਤ ਪੇਸ਼ ਕਰ ਕੇ ਭਵਯ ਬਿਸ਼ਨੋਈ ਦਾ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਹੈ ਕਿ ਭਵ ਬਿਸ਼ਨੋਈ ਨੇ ਦਾਖ਼ਲ ਪਰਚੇ ਵਿੱਚ ਇੱਕ ਅਪਰਾਧਕ ਕੇਸ ਅਦਾਲਤ ਵਿੱਚ ਹੋਣ ਦੀ ਗੱਲ ਲਿਖੀ ਹੈ ਪਰ ਰਾਜੇਸ਼ ਜਾਖੜ ਨੇ ਚੋਣ ਅਧਿਕਾਰੀ ਤੇ ਮੀਡੀਆ ਨੂੰ ਸਬੂਤ ਪੇਸ਼ ਕਰ ਕੇ ਦਾਅਵਾ ਕੀਤਾ ਹੈ ਕਿ ਭਵਯ ਬਿਸ਼ਨੋਈ ਖ਼ਿਲਾਫ਼ ਤੀਸ ਹਜ਼ਾਰੀ ਕੋਰਟ ਦਿੱਲੀ ਵਿੱਚ ਚਾਰ ਆਪਰਾਧਕ ਮਾਮਲੇ ਚੱਲ ਰਹੇ ਹਨ। ਇਸ ਸਬੰਧੀ ਸ਼ਿਕਾਇਤਕਰਤਾ ਨੇ ਕੇਸ ਦੇ ਸੀਆਰ ਨੰਬਰ ਜਾਰੀ ਕਰ ਕੇ ਦੋਸ਼ ਲਾਇਆ ਕਿ ਭਵ ਨੇ ਪਰਚੇ ਵਿੱਚ ਬਹੁਤ ਕੁਝ ਛੁਪਾਇਆ ਹੈ ਇਸ ਲਈ ਪਰਚਾ ਰੱਦ ਹੋਣਾ ਚਾਹੀਦਾ ਹੈ।
ਇਸ ਸਬੰਧੀ ਆਪਣਾ ਪੱਖ ਪੇਸ਼ ਕਰਦਿਆਂ ਭਾਜਪਾ-ਜਜਪਾ ਦੇ ਸਾਂਝੇ ਉਮੀਦਵਾਰ ਭਵਯ ਬਿਸ਼ਨੋਈ ਨੇ ਇਸ ਨੂੰ ਵਿਰੋਧੀਆਂ ਦੀ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਉਨ੍ਹਾਂ ਨੂੰ ਮਿਲ ਰਹੇ ਸਹਿਯੋਗ ਤੋਂ ਲੋਕ ਘਰਬਾਏ ਹਨ। ਉਨ੍ਹਾਂ ਨੇ ਕਿਹਾ ਕਿ ਪਰਚੇ ਵਿੱਚ ਕੁਝ ਵੀ ਲੁਕਾ ਕੇ ਨਹੀਂ ਰੱਖਿਆ ਗਿਆ ਵਿਰੋਧੀ ਕੇਵਲ ਵੋਟਰਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਵਿੱਚ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਕਾਮਯਾਬ ਨਹੀਂ ਹੋਣਗੇ।