ਸਰਬਜੋਤ ਸਿੰਘ ਦੁੱਗਲ
ਕਰਨਾਲ, 26 ਜੂਨ
ਨੇੜਲੇ ਜ਼ਿਲ੍ਹੇ ਸੋਨੀਪਤ ਤੋਂ ਨਿਕਲਣ ਵਾਲੇ ਕੁੰਡਲੀ-ਗਾਜ਼ੀਆਬਾਦ-ਪਲਵਲ ਐਕਸਪ੍ਰੈਸਵੇਅ ’ਤੇ ਅੱਜ ਸਵੇਰੇ ਕਰੀਬ 10 ਵਜੇ ਹਵਾਈ ਸੈਨਾ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ ਗਿਆ। ਐਕਸਪ੍ਰੈੱਸਵੇਅ ਟੌਲ ਮੁਲਾਜ਼ਮ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਖਰਾਬੀ ਠੀਕ ਹੋਣ ਤੋਂ ਬਾਅਦ ਕਰੀਬ 11 ਵਜੇ ਹੈਲੀਕਾਪਟਰ ਨੇ ਦੁਬਾਰਾ ਉਡਾਣ ਭਰੀ। ਐਕਸਪ੍ਰੈਸਵੇਅ ’ਤੇ ਹੈਲੀਕਾਪਟਰ ਨੇ ਯਮੁਨਾ ਬ੍ਰਿੱਜ ਕੋਲ ਲੈਂਡਿੰਗ ਕੀਤੀ। ਲੈਂਡਿੰਗ ਤੋਂ ਪਹਿਲਾਂ ਹੀ ਹਵਾਈ ਫੌਜ ਦਾ ਇੱਕ ਜਵਾਨ ਹੇਠਾਂ ਆ ਗਿਆ। ਉਸ ਨੇ ਇਸ਼ਾਰਾ ਕਰਕੇ ਲੈਂਡਿੰਗ ਕਰਵਾਈ। ਹੈਲੀਕਾਪਟਰ ਨੂੰ ਇਸ ਤਰ੍ਹਾਂ ਲੈਂਡਿੰਗ ਕਰਦਾ ਵੇਖ ਆਸਪਾਸ ਦੇ ਲੋਕ ਇਕੱਠੇ ਹੋ ਗਏ। ਹਿੰਡਨ ਏਅਰਬੇਸ ਤੋਂ ਅਧਿਕਾਰੀ ਅਤੇ ਇੰਜਨੀਅਰ ਮੌਕੇ ‘ਤੇ ਪੁੱਜੇ ਅਤੇ ਹੈਲੀਕਾਪਟਰ ਦੀ ਤਕਨੀਕੀ ਗੜਬੜ ਠੀਕ ਕੀਤੀ। ਇਸ ਦੇ ਬਾਅਦ ਕਰੀਬ 11 ਵਜੇ ਦੁਬਾਰਾ ਤੋਂ ਹੈਲੀਕਾਪਟਰ ਨੇ ਉਡਾਣ ਭਰੀ। ਤੱਦ ਤੱਕ ਇਸ ਐਕਸਪ੍ਰੈਸਵੇਅ ’ਤੇ ਟਰੈਫਿਕ ਬੰਦ ਰਿਹਾ। -ਪੀਟੀਆਈ