ਦੇਵਿੰਦਰ ਸਿੰਘ
ਯਮੁਨਾਨਗਰ, 15 ਦਸੰਬਰ
ਯਮੁਨਾ ਨਗਰ ਦੇ ਕਿਸਾਨਾਂ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਰੋਹ ਦਿਨੋ ਦਿਨ ਵੱਧ ਰਿਹਾ ਹੈ। ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਜ਼ਿਲ੍ਹਾ ਯਮੁਨਾ ਨਗਰ ਵਿੱਚ ਪੰਜ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸੀ। ਗੁਮਥਲਾ ਬਸ ਸਟੈਂਡ ਤੋਂ ਕੰਡਰੌਲੀ ਮੰਡੀ ਤੱਕ ਸੜਕ ਦੇ ਕੰਮ ਦਾ ਆਰੰਭ, ਦਾਮਲਾ ਵਿੱਚ ਬਣੇ ਵਿਲੇਜ ਨਾਲੇਜ ਸੈਂਟਰ, ਖੁਰਦੀ ਤੋ ਜਲ ਘਰ ਤੱਕ ਸੜਕ, ਖੁਰਦੀ ਪਿੰਡ ਵਿੱਚ ਹੀ ਅੰਬਡੇਕਰ ਭਵਨ ਅਤੇ ਬਰਾਤ ਘਰ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ । ਇਨ੍ਹਾਂ ਪ੍ਰੋਗਰਾਮਾਂ ਬਾਰੇ ਕਿਸਾਨਾਂ ਨੂੰ ਪਤਾ ਚੱਲ ਗਿਆ। ਉਹ ਇੱਕਠੇ ਹੋ ਕੇ ਪਿੰਡ ਦਾਮਲਾ ਪਹੁੰਚ ਗਏ ਅਤੇ ਨੀਂਹ ਪੱਥਰ ’ਤੇ ਪੇਂਟ ਮਲ ਦਿੱਤਾ ਅਤੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਕਿਸਾਨਾਂ ਨੇ ਪਿੰਡ ਖੁਰਦੀ ਵਿੱਚ ਵੀ ਨੀਂਹ ਪੱਥਰਾਂ ’ਤੇ ਪੇਂਟ ਫੇਰ ਦਿੱਤਾ ਅਤੇ ਬਰਾਤ ਘਰ ਜਿੱਥੇ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨੀ ਸੀ, ਉੱਥੇ ਮੰਚ ’ਤੇ ਜਾ ਕੇ ਕਿਸਾਨ ਯੂਨੀਅਨ ਜਿੰਦਬਾਦ ਦੇ ਨਾਅਰੇ ਲਗਾਏ। ਨਾਇਬ ਸਿੰਘ ਸੈਣੀ ਨੇ ਕੇਵਲ ਗੁਮਥਲਾ ਬਸ ਸਟੈਂਡ ਸੜਕ ਦਾ ਨਾਰੀਅਲ ਤੋੜ ਕੇ ਉਦਘਾਟਨ ਕੀਤਾ ਅਤੇ ਕਿਹਾ ਕਿ ਖੇਤੀ ਕਾਨੂੰਨ ਕਿਸਾਨ ਹਿਤੈਸ਼ੀ ਹਨ, ਪਰ ਵਿਰੋਧੀ ਧਿਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਹੈ ਅਤੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਮੌਕੇ ਤੇ ਸਾਬਕਾ ਵਿਧਾਇਕ ਈਸ਼ਵਰ ਪਲਾਕਾ, ਸਾਬਕਾ ਚੇਅਰਮੈਨ ਡਾ. ਰਿਸ਼ੀਪਾਲ ਸੈਣੀ, ਜ਼ਿਲ੍ਹਾ ਉੱਪ ਪ੍ਰਧਾਨ ਅਮਿਤ ਗਰਗ, ਹਰਪਾਲ ਕੰਬੋਜ਼, ਸੁਸ਼ੀਲ ਬਤਰਾ, ਵਰਿੰਦਰ ਚਾਨਣਾ, ਅਮਿਤ ਕਾਂਜਨੂੰ ਮੌਜੂਦ ਸਨ।