ਸਤਪਾਲ ਰਾਮਗੜ੍ਹੀਆ
ਪਿਹੋਵਾ, 8 ਅਕਤੂਬਰ
ਇਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪੱਧਰੀ ਖੇਤੀਬਾੜੀ ਮੇਲਾ ਲਗਾਇਆ ਗਿਆ, ਜਿਸ ਦੀ ਪ੍ਰਧਾਨਗੀ ਉਪ ਮੰਡਲ ਖੇਤੀਬਾੜੀ ਅਫ਼ਸਰ ਡਾ: ਮਨੀਸ਼ ਨੇ ਕੀਤੀ। ਇਸ ਖੇਤੀਬਾੜੀ ਕਿਸਾਨ ਮੇਲੇ ਦਾ ਮਕਸਦ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨਾ ਸੀ। ਡਾ. ਮਨੀਸ਼ ਵਤਸ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨੁਕਸਾਨ ਦੇ ਨਾਲ-ਨਾਲ ਸਹਾਇਕ ਖੇਤੀਬਾੜੀ ਇੰਜਨੀਅਰ ਰਾਜੇਸ਼ ਵਰਮਾ ਵੱਲੋਂ ਵੱਖ-ਵੱਖ ਖੇਤੀ ਮਸ਼ੀਨਾਂ ਦੀ ਵਰਤੋਂ ਨਾਲ ਮਿਲਣ ਵਾਲੀ ਗਰਾਂਟ ਰਾਸ਼ੀ ਬਾਰੇ ਵਿਸਥਾਰ ਨਾਲ ਦੱਸਿਆ। ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਵੱਲੋਂ ਡਾ. ਚੰਦਰ ਪ੍ਰਕਾਸ਼ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦੀ ਸਹੁੰ ਚੁਕਾਈ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਪ੍ਰਦੀਪ ਕੁਮਾਰ ਵੱਲੋਂ ਦੱਸਿਆ ਗਿਆ ਕਿ ਕਿਸਾਨ ਕਣਕ ਅਤੇ ਸਰ੍ਹੋਂ ਦੀਆਂ ਸੁਧਰੀਆਂ ਕਿਸਮਾਂ ਦੀ ਚੋਣ ਕਰ ਕੇ ਵੱਧ ਤੋਂ ਵੱਧ ਝਾੜ ਲੈ ਸਕਦੇ ਹਨ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸੀਆਰਐੱਮ ਸਕੀਮ ਤਹਿਤ ਕਿਸਾਨ ਆਪਣੇ ਖੇਤਾਂ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਿਸ ਤਰ੍ਹਾਂ ਕਰ ਸਕਦੇ ਹਨ, ਜੋ ਕਿਸਾਨ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਗੰਢਾਂ ਬਣਾ ਕੇ ਜ਼ਮੀਨ ਵਿਚ ਦੱਬਣਗੇ, ਉਨ੍ਹਾਂ ਨੂੰ 1000 ਰੁਪਏ ਦੀ ਗ੍ਰਾਂਟ ਰਾਸ਼ੀ ਡੀਬੀਟੀ ਸਕੀਮ ਰਾਹੀ ਦਿੱਤੀ ਜਾਵੇਗੀ। ਉਪ ਮੰਡਲ ਖੇਤੀਬਾੜੀ ਅਫ਼ਸਰ ਡਾ: ਮਨੀਸ਼ ਵਾਟਸ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।
ਇਸ ਮੌਕੇ ਸਾਬਕਾ ਸਰਪੰਚ ਮੰਗਤਰਾਮ, ਮਦਨ ਲਾਲ, ਨਸੀਬ ਸਿੰਘ, ਸਤਿੰਦਰ ਸਿੰਘ, ਸੋਹਣ ਸਿੰਘ, ਬੁਲਾਰਾਮ, ਵਿੱਕੀ, ਤੇਜਾਰਾਮ, ਸਤਬੀਰ, ਬਿੱਟੂ, ਗਿਆਨ ਚੰਦ, ਰਿਸ਼ੀਪਾਲ, ਬਬਲੀ, ਦਰਸ਼ਨ ਅਤੇ ਸਚਿਨ ਆਦਿ ਹਾਜ਼ਰ ਸਨ।