ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਨਵੰਬਰ
ਇੱਥੇ 27 ਅਕਤੂਬਰ ਤੋਂ 10 ਨਵੰਬਰ ਤੱਕ ਅੰਬਾਲਾ ਕੈਂਟ ਦੇ ਖੜਗਾ ਸਟੇਡੀਅਮ ਵਿਚ ਚੱਲ ਰਹੀ ਅਗਨੀਵੀਰ ਭਰਤੀ ਦੌਰਾਨ ਜ਼ਿਲ੍ਹਾ ਕੈਥਲ ਦੇ ਦੋ ਉਮੀਦਵਾਰਾਂ ਵੱਲੋਂ ਆਧਾਰ ਕਾਰਡਾਂ ’ਤੇ ਜਾਅਲੀ ਜਨਮ ਤਾਰੀਖ਼ਾਂ ਦਰਜ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅੰਬਾਲਾ ਕੈਂਟ ਪੁਲੀਸ ਨੇ ਭਰਤੀ ਬੋਰਡ ਦੇ ਮੈਂਬਰ ਸੂਬੇਦਾਰ ਮੇਜਰ ਕੁੰਦਨ ਸਿੰਘ ਦੀ ਸ਼ਿਕਾਇਤ ’ਤੇ ਜ਼ਿਲ੍ਹਾ ਕੈਥਲ ਦੇ ਸੰਦੀਪ ਸਿੰਘ ਵਾਸੀ ਪਿੰਡ ਪੱਟੀ ਡੁਡਵਾ ਤੇ ਸੰਦੀਪ ਸਿੰਘ ਵਾਸੀ ਪਿੰਡ ਬਡਸਿਕਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੂਬੇਦਾਰ ਮੇਜਰ ਕੁੰਦਨ ਸਿੰਘ ਨੇ ਦੱਸਿਆ ਕਿ ਜਦੋਂ ਡੀਸੀ ਦਫ਼ਤਰ ਤੋਂ ਆਏ ਅਪਰੇਟਰ ਸਤੀਸ਼ ਕੁਮਾਰ ਨੇ ਉਸ ਦਾ ਆਧਾਰ ਕਾਰਡ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਸੰਦੀਪ ਸਿੰਘ ਨੇ ਆਧਾਰ ਕਾਰਡ 5 ਵੇਰ ਅੱਪਡੇਟ ਕਰਵਾ ਕੇ ਜਨਮ ਤਾਰੀਖ਼ ਬਦਲੀ ਹੈ। ਇਸੇ ਤਰ੍ਹਾਂ ਦੂਜੇ ਉਮੀਦਵਾਰ ਨੇ ਵੀ ਤਿੰਨ ਵਾਰ ਆਧਾਰ ਕਾਰਡ ਅੱਪਡੇਟ ਕਰਵਾ ਕੇ ਜਨਮ ਤਾਰੀਖ਼ ਬਦਲੀ ਹੈ। ਉਹ ਫ਼ਰਜ਼ੀ ਦਸਤਾਵੇਜ਼ ਦੇ ਕੇ ਦੂਜੇ ਉਮੀਦਵਾਰ ਦੀ ਥਾਂ ਸਰੀਰਕ ਟੈੱਸਟ ਦੇਣ ਲਈ ਗਿਆ ਸੀ।