ਨਿੱਜੀ ਪੱਤਰ ਪ੍ਰੇਰਕ
ਸਿਰਸਾ, 26 ਜੂਨ
ਅਗਨੀਪਥ ਸਕੀਮ ਖ਼ਿਲਾਫ਼ ਯੂਥ ਕਾਂਗਰਸੀਆਂ ਵੱਲੋਂ ਅੱਜ ਨੰਗੇ ਧੜ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਦੀ ਅਗਵਾਈ ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਵੇਦ ਪ੍ਰਕਾਸ਼ ਭਾਟ ਨੇ ਕੀਤੀ। ਯੂਥ ਕਾਂਗਰਸ ਨਾਲ ਜੁੜੇ ਨੌਜਵਾਨ ਇੱਥੇ ਸੁਭਾਸ਼ ਚੌਕ ਇਕੱਠੇ ਹੋਏ ਜਿੱਥੇ ਉਨ੍ਹਾਂ ਨੇ ਨੰਗੇ ਧੜ ਹੋ ਕੇ ਸਰਕਾਰ ਦੀ ਅਗਨੀਪਥ ਯੋਜਨਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਵਿਚਾਰ ਵਟਾਂਦਰਾ ਕੀਤਿਆਂ ਪਹਿਲਾਂ ਨੋਟਬੰਦੀ, ਜੀਐੱਸਟੀ ਤੇ ਖੇਤੀ ਕਾਨੂੰਨ ਲਿਆਂਦੇ ਤੇ ਹੁਣ ਅਗਨੀਪਥ ਯੋਜਨਾ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਸੀ ਪਰ ਇਸ ਦੇ ਉਲਟ ਸਰਕਾਰ ਨੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਤੇ ਉਨ੍ਹਾਂ ਨੂੰ ਹੀ ਵੇਚਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਸਕੀਮ ਨੂੰ ਤੁਰੰਤ ਵਾਪਸ ਲਵੇ ਤੇ ਨੌਜੀਵਾਨਾਂ ਦੇ ਭਵਿੱਖ ਨੂੰ ਖਤਰੇ ਵਿੱਚ ਜਾਣ ਤੋਂ ਬਚਾਵੇ। ਇਸ ਮੌਕੇ ਵਿੱਕੀ, ਅਜੈ ਗਰਗ, ਕ੍ਰਿਸ਼ਨ, ਰਾਜੂ ਭਾਟ ਤੇ ਅਰਜਨ ਸੈਣੀ ਸਮੇਤ ਕਈ ਯੂਥ ਕਾਂਗਰਸੀ ਕਾਰਕੁਨ ਮੌਜੂਦ ਸਨ।