ਪੱਤਰ ਪ੍ਰੇਰਕ
ਜੀਂਦ, 26 ਜੂਨ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਜੁਲਾਨਾ, ਨਰਵਾਣਾ ਅਤੇ ਜੀਂਦ ਵਿੱਚ ਨੌਜਵਾਨਾਂ ਅਤੇ ਹੋਰ ਜਥੇਬੰਦੀਆਂ ਨੇ ਰੋਸ ਰੈਲੀਆਂ ਕੀਤੀਆਂ ਅਤੇ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਸੌਂਪੇ।
ਜੀਂਦ ਵਿੱਚ ਕਿਸਾਨ, ਨੌਜਵਾਨ, ਮਜ਼ਦੂਰ ਅਤੇ ਵਿਦਿਆਰਥੀ ਇਕੱਠੇ ਹੋਏ ਅਤੇ ਪ੍ਰਦਰਸ਼ਨ ਕਰਦੇ ਹੋਏ ਡੀਸੀ ਦਫ਼ਤਰ ਪਹੁੰਚੇ। ਉਨ੍ਹਾਂ ਨੇ ਡੀਸੀ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਭਰਤੀ ਪ੍ਰੀਕਿਰਿਆ ਲਾਗੂ ਕੀਤੀ ਜਾਵੇ, ‘ਅਗਨੀਪਥ’ ਯੋਜਨਾ ਰੱਦ ਕੀਤੀ ਜਾਵੇ, ਸਾਰੀ ਭਰਤੀਆਂ ਵਿੱਚ ਤਿੰਨ ਸਾਲ ਦੀ ਉਮਰ ਦੀ ਛੋਟ ਦਿੱਤੀ ਜਾਵੇ। ਇਸਦੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਇਸ ਸਬੰਧੀ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਕੇਸ ਵਾਪਸ ਲਏ ਜਾਣ ਅਤੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਧਰਨੇ ਵਿੱਚ ਕਿਸਾਨ ਸਭਾ ਤੋਂ ਫੂਲ ਸਿੰਘ ਸਿਓਕੰਦ, ਰਾਮਰਾਜਜੀ ਢੁੱਲ, ਸਿੱਕਮ ਸਿਓਕੰਦ, ਭਾਰਤੀ ਕਿਸਾਨ ਯੂਨੀਅਨ ਤੋਂ ਬਾਰੂ ਰਾਮ, ਖਰਕਰਾਮਜੀ ਤੋਂ ਸਰਪੰਚ, ਕਵਿਤਾ ਗੋਇਤ, ਪ੍ਰਿਯੰਕਾ, ਬਬਲੂ ਅਤੇ ਮਜ਼ਦੂਰ ਨੇਤਾ ਸੁਰੇਸ਼ ਕਰਸੋਲਾ ਆਦਿ ਹਾਜ਼ਰ ਸਨ।
ਨੌਜਵਾਨਾਂ ਨੇ ਰਤੀਆ ਸ਼ਹਿਰ ਵਿੱਚ ਜਾਮ ਲਾਇਆ
ਰਤੀਆ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਦੀ ‘ਅਗਨੀਪਥ’ ਯੋਜਨਾ ਖ਼ਿਲਾਫ਼ ਰਤੀਆ ਖੇਤਰ ਦੇ ਸੈਂਕੜੇ ਨੌਜਵਾਨਾਂ ਨੇ ਸ਼ਹਿਰ ਦੇ ਸੰਜੇ ਗਾਂਧੀ ਚੌਕ ਵਿੱਚ ਧਰਨਾ ਲਾ ਕੇ ਜਾਮ ਲਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਨੌਜਵਾਨਾਂ ਨੇ ਕੇਂਦਰ ਸਰਕਾਰ ਦੀ ਇਸ ਸਕੀਮ ਖ਼ਿਲਾਫ਼ ਦਿੱਲੀ ਦੇ ਜੰਤਰ ਮੰਤਰ ਵੱਲ ਵੀ ਕੂਚ ਕਰਨ ਦਾ ਐਲਾਨ ਕੀਤਾ। ਸ਼ਹਿਰੀ ਥਾਣਾ ਮੁਖੀ ਰੁਪੇਸ਼ ਚੌਧਰੀ ਨੇ ਮੌਕੇ ’ਤੇ ਪੁੱਜ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਟਰੈਫਿਕ ਪੁਲੀਸ ਨੇ ਬਦਲਵੇਂ ਰੂਟਾਂ ਰਾਹੀਂ ਲੋਕਾਂ ਨੂੰ ਆਪਣੀ ਮੰਜ਼ਲ ਤੱਕ ਪੁੱਜਦਾ ਕੀਤਾ। ਧਰਨੇ ਦੌਰਾਨ ਮਲਕੀਤ ਸੁਖਪੁਰੀਆ, ਵਿਦਿਆਰਥੀ ਆਗੂ ਰਵੀ ਰਤੀਆ, ਸੁਲਤਾਨ ਸਿੰਘ, ਸੰਦੀਪ ਅਤੇ ਅਮਨ ਮੌਂਗਾ ਨੇ ਕਿਹਾ ਕਿ ਉਹ ਫੌਜ ਦੀ ਭਰਤੀ ਲਈ ਲੰਮੇ ਸਮੇਂ ਤੋਂ ਤਿਆਰੀ ਕਰ ਰਹੇ ਸਨ, ਪਰ ਕੇਂਦਰ ਸਰਕਾਰ ਨੇ ‘ਅਗਨੀਪਥ’ ਯੋਜਨਾ ਥੋਪ ਕੇ ਉਨ੍ਹਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੱਤਾ ਹੈ। ਉਨ੍ਹਾ ਕਿਹਾ ਕਿ ਦੇਸ਼ ਦੀ ਰੱਖਿਆ ਵਿੱਚ ਫੌਜ ਦੀ ਅਹਿਮ ਭੂਮਿਕਾ ਹੈ, ਪਰ ਫੌਜ ਦੀ ਭਰਤੀ ਨੂੰ ਲੈ ਕੇ ਕੇਂਦਰ ਸਰਕਾਰ ਨੇ ਨਵੀਂ ਯੋਜਨਾ ਲਿਆਂਦੀ ਹੈ।