ਪ੍ਰਭੂ ਦਿਆਲ
ਸਿਰਸਾ, 18 ਅਕਤੂਬਰ
ਰਣਜੀਤ ਕਤਲ ਕੇਸ ’ਚ ਡੇਰਾ ਮੁਖੀ ਸਣੇ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਡੇਰੇ ਵਿੱਚ ਸੁੰਨ ਪਸਰ ਗਈ। ਡੇਰੇ ਦੀ ਸੱਚ ਮਾਰਕੀਟ ਬੰਦ ਕਰ ਦਿੱਤੀ ਗਈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦਾ ਸਖ਼ਤ ਇੰਤਜਾਮ ਕੀਤੇ ਗਏ ਸਨ। ਡੇਰੇ ਨੂੰ ਜਾਣ ਵਾਲੇ ਰਾਹਾਂ ’ਤੇ ਪੁਲੀਸ ਵੱਲੋਂ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕਰਨ ਮਗਰੋਂ ਹੀ ਅੱਗੇ ਜਾਣ ਦੀ ਇਜ਼ਾਜਤ ਦਿੱਤੀ ਗਈ। ਉਧਰ, ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਅਦਾਲਤ ਦਾ ਧੰਨਵਾਦ ਕੀਤਾ ਹੈ। ਰਣਜੀਤ ਕਤਲ ਕੇਸ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਣੇ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਡੇਰੇ ਵਿੱਚ ਸੁੰਨ ਪਸਰ ਗਈ। ਡੇਰੇ ਦੀ ਸੱਚ ਮਾਰਕੀਟ ਤੇ ਸਨਅਤਾਂ ਬੰਦ ਕਰ ਦਿੱਤੀਆਂ ਗਈਆਂ। ਡੇਰਾ ਪ੍ਰੇਮੀ ਡੇਰੇ ਦੇ ਅੰਦਰ ਅਤੇ ਆਪਣੇ ਘਰਾਂ ’ਚ ਸਿਮਰਨ ਕਰਦੇ ਦੇਖੇ ਗਏ।
ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ
ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਵੇਂ ਫ਼ੈਸਲਾ ਕਾਫ਼ੀ ਲੰਬੇ ਸਮੇਂ ਮਗਰੋਂ ਆਇਆ ਹੈ ਪਰ ਦੇਰ ਨਾਲ ਆਏ ਇਸ ਫ਼ੈਸਲੇ ਨੇ ਪੀੜਤ ਦੇ ਜ਼ਖ਼ਮਾਂ ’ਤੇ ਮਰਹਮ ਲਾਈ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਇਹ ਫ਼ੈਸਲਾ ਰਣਜੀਤ ਦੇ ਪਿਤਾ ਦੇ ਜ਼ਿਊਂਦੇ ਰਹਿੰਦੇ ਆ ਜਾਂਦਾ ਜਿਨ੍ਹਾਂ ਨੇ ਇਸ ਕੇਸ ਨੂੰ ਸ਼ਿਦਕ ਨਾਲ ਲੜਿਆ ਸੀ।