ਪੱਤਰ ਪ੍ਰੇਰਕ
ਰਤੀਆ, 9 ਦਸੰਬਰ
ਇਕ ਹਫ਼ਤੇ ਤੋਂ ਅਨਾਜ ਮੰਡੀ ’ਚ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਪੱਲੇਦਾਰਾਂ ਅਤੇ ਮਜ਼ਦੂਰ ਔਰਤਾਂ ’ਚ ਚੱਲ ਰਿਹਾ ਝਗੜਾ ਅੱਜ ਵਪਾਰ ਮੰਡਲ ਦੀ ਦਖਲਅੰਦਾਜ਼ੀ ਮਗਰੋਂ ਸਮਾਪਤ ਹੋ ਗਿਆ। ਇਸ ਸਦਕਾ ਅੱਜ ਅਨਾਜ ਮੰਡੀ ’ਚ ਝੋਨੇ ਦੀ ਫਸਲ ਦੀ ਖਰੀਦ ਅਤੇ ਸਾਫ਼ ਸਫਾਈ ਦਾ ਕੰਮਕਾਰ ਸ਼ੁਰੂ ਹੋ ਗਿਆ ਹੈ। ਵਪਾਰ ਮੰਡਲ ਦੇ ਪ੍ਰਧਾਨ ਅਮਨ ਜੈਨ ਦੀ ਦੇਖ-ਰੇਖ ਹੇਠ ਅਹਿਮ ਫ਼ੈਸਲਾ ਲਿਆ ਕਿ 21 ਦਸੰਬਰ ਨੂੰ ਬਾਜ਼ੀਗਰ ਭਾਈਚਾਰੇ ਨਾਲ ਸਬੰਧਤ ਔਰਤਾਂ ਦੀ ਅਨਾਜ ਮੰਡੀ ’ਚ ਆਉਣ ’ਤੇ ਰੋਕ ਲਾ ਦਿੱਤੀ ਹੈ। ਇਸ ਦੌਰਾਨ ਇਸ ਭਾਈਚਾਰੇ ਦੇ ਪੁਰਸ਼ ਹੀ ਅਨਾਜ ਮੰਡੀ ’ਚ ਪ੍ਰਵੇਸ਼ ਹੋ ਸਕਦੇ ਹਨ। ਇਸ ਉਪਰੰਤ ਸਿਰਫ ਇਸ ਭਾਈਚਾਰੇ ਦੀਆਂ ਔਰਤਾਂ ਅਨਾਜ ਮੰਡੀ ’ਚ ਪ੍ਰਵੇਸ਼ ਹੋ ਸਕਣਗੀਆਂ। ਉਨ੍ਹਾਂ ਨੂੰ ਪਹਿਚਾਣ ਪੱਤਰ ਜਾਰੀ ਕੀਤੇ ਜਾਣਗੇ। ਇਸ ਮੌਕੇ ਪੱਲੇਦਾਰ ਯੂਨੀਅਨ ਦੇ ਜ਼ਿਲੇ ਸਿੰਘ, ਗਿਆਨੀ ਸਿੰਘ, ਦੇਵ ਸਿੰਘ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਅਤੇ ਅਨਾਜ ਮੰਡੀ ’ਚ ਆਮ ਦਿਨਾਂ ਵਾਗ ਕੰਮਕਾਰ ਸ਼ੁਰੂ ਹੋ ਗਿਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਯਸ਼ਪਾਲ ਮਹਿਤਾ ਨੇ ਉਨ੍ਹਾਂ ਨੂੰ ਅਮਨ ਸ਼ਾਤੀ ਬਣਾਏ ਰੱਖਣ ਦੀ ਅਪੀਲ ਕੀਤੀ। ਵਪਾਰ ਮੰਡਲ ਦੇ ਪ੍ਰਧਾਨ ਅਮਨ ਜੈਨ ਨੇ ਦੱਸਿਆ ਕਿ ਹੁਣ ਮਸਲਾ ਸੁਲਝ ਚੁੱਕਾ ਹੈ ਅਤੇ ਅਨਾਜ ਮੰਡੀ ’ਚ ਕੰਮਕਾਰ ਸ਼ੁਰੂ ਹੋਇਆ ਹੈ।