ਗੁਰੂਗ੍ਰਾਮ, 23 ਸਤੰਬਰ
ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਪੈ ਰਹੇ ਭਾਰੀ ਮੀਂਹ ਵਿਚਾਲੇ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸਾਰੇ ਨਿੱਜੀ ਦਫ਼ਤਰਾਂ ਨੂੰ ਹੁਕਮ ਦਿੱਤਾ ਹੈ ਕਿ ਉਨ੍ਹਾਂ ਦੇ ਕਰਮਚਾਰੀ ਅੱਜ ਤੋਂ ਹੀ ਘਰਾਂ ਤੋਂ ਕੰਮ ਕਰਨ।
ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਿਟੀ (ਡੀਡੀਐੱਮਏ) ਨੇ ਇਕ ਐਡਵਾਇਜ਼ਰੀ ਜਾਰੀ ਕਰ ਕੇ ਕਿਹਾ ਕਿ ਸਾਰੇ ਕਾਪੋਰੇਟ ਦਫ਼ਤਰਾਂ ਅਤੇ ਨਿੱਜੀ ਸੰਸਥਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟਰੈਫਿਕ ਜਾਮ ਦੀ ਸਮੱਸਿਆ ਤੋਂ ਬਚਣ ਲਈ ਆਪੋ-ਆਪਣੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਲਈ ਕਹਿਣ।
ਇਸ ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ, ‘‘ਜ਼ਿਲ੍ਹਾ ਗੁਰੂਗ੍ਰਾਮ ਵਿੱਚ 23 ਸਤੰਬਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਨੂੰ ਦੇਖਦੇ ਹੋਏ ਪਾਣੀ ਭਰਨ ਅਤੇ ਟਰੈਫਿਕ ਜਾਮ ਹੋਣ ਦੀ ਸੰਭਾਵਨਾ ਹੈ। ਇਸ ਵਾਸਤੇ, ਜ਼ਿਲ੍ਹੇ ਦੇ ਸਾਰੇ ਕਾਰਪੋਰੇਟ ਦਫ਼ਤਰਾਂ ਅਤੇ ਨਿੱਜੀ ਸੰਸਥਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ ਕਰਨ ਲਈ ਕਹਿਣ ਤਾਂ ਜੋ ਟਰੈਫਿਕ ਜਾਮ ’ਚ ਫਸਣ ਤੋਂ ਬਚਿਆ ਜਾ ਸਕੇ।’’
ਮੀਂਹ ਵਿਚਾਲੇ ਸਵੇਰੇ ਗੁਰੂਗ੍ਰਾਮ ਵਿੱਚ ਵਾਹਨਾਂ ਦੀ ਆਵਾਜਾਈ ਆਮ ਵਾਂਗ ਸੀ ਪਰ ਕੁਝ ਇਲਾਕਿਆਂ ’ਚ ਪਾਣੀ ਭਰਨ ਕਾਰਨ ਟਰੈਫਿਕ ਜਾਮ ਹੋਣ ਦੀ ਸੂਚਨਾ ਮਿਲੀ। ਟਰੈਫਿਕ ਵਿਵਸਥਾ ਨੂੰ ਸੰਭਾਲਣ ਲਈ ਪੁਲੀਸ ਤਾਇਨਾਤ ਕੀਤੀ ਗਈ ਹੈ। -ਪੀਟੀਆਈ