ਪੱਤਰ ਪ੍ਰੇਰਕ
ਫਰੀਦਾਬਾਦ, 15 ਜੂਨ
ਦਿੱਲੀ-ਫਰੀਦਾਬਾਦ ਦੀ ਹੱਦ ’ਤੇ ਜੰਗਲਾਤ ਮਹਿਕਮੇ ਦੀ ਜ਼ਮੀਨ ਉਪਰ ਵਸੇ ਖੋਰੀ ਇਲਾਕੇ ਵਿੱਚ ਦਫ਼ਾ 144 ਲਾ ਦਿੱਤੀ ਗਈ ਹੈ। ਇੱਥੇ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕਰੀਬ 10 ਹਜ਼ਾਰ ਘਰਾਂ ਨੂੰ ਤੋੜਿਆ ਜਾਣਾ ਹੈ। ਇਸੇ ਦੌਰਾਨ ਫਰੀਦਾਬਾਦ ਪੁਲੀਸ ਨੇ ਖੋਰੀ ਪਿੰਡ ਦੇ ਹੀ ਨਿਰਮਲ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਲੋਕਾਂ ਨੂੰ ਸੰਭਾਵੀ ਤੋੜ-ਫੋੜ ਦੇ ਮੱਦੇਨਜ਼ਰ ਲਾਮਬੰਦ ਕਰ ਰਿਹਾ ਸੀ। ਜਾਣਕਾਰੀ ਮੁਤਾਬਿਕ ਉਹ ਧਰਨਾ ਦੇ ਰਹੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਸੀ, ਜਿਸ ਸਣੇ ਪੁਲੀਸ ਨੇ 100 ਤੋਂ ਵੱਧ ਲੋਕਾਂ ਖ਼ਿਲਾਫ਼ 144 ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਲੋਕਾਂ ਵੱਲੋਂ ਖੋਰੀ ਨੇੜੇ ਧਰਨਾ ਦਿੱਤਾ ਹੋਇਆ ਹੈ ਜੋ ਆਪਣੇ ਘਰਾਂ ਨੂੰ ਬਚਾਉਣ ਲਈ ਜੱਦੋੋ ਜਹਿਦ ਕਰ ਰਹੇ ਹਨ। ਉਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਦੇ ਵੀ ਤੋੜ-ਫੋੜ ਦੀ ਕਾਰਵਾਈ ਅੰਜਾਮ ਦਿੱਤਾ ਜਾ ਸਕਦਾ ਹੈ।