ਚੰਡੀਗੜ੍ਹ, 6 ਦਸੰਬਰ
ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਨੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਉਠਾਉਂਦਿਆਂ ਅੱਜ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਮੰਗਾਂ ਵਿਚ ਨਹਿਰ ਦੀ ਉਸਾਰੀ ਦਾ ਮੁੱਦਾ ਵੀ ਸ਼ਾਮਲ ਕਰ ਲੈਣ ਤਾਂ ਕਿ ਇਸ ਨੂੰ ਕੇਂਦਰ ਸਰਕਾਰ ਨਾਲ ਵਿਚਾਰਿਆ ਜਾ ਸਕੇ। ਦਲਾਲ ਨੇ ਕਿਹਾ ਕਿ ਐੱਸਵਾਈਐਲ ਹਰਿਆਣਾ ਦੇ ਕਿਸਾਨਾਂ ਲਈ ਬੇਹੱਦ ਅਹਿਮ ਮਸਲਾ ਹੈ ਤੇ ਸੂਬੇ ਦੇ ਕਿਸਾਨਾਂ ਲਈ ਇਸ ਦੀ ਉਸਾਰੀ ਬਹੁਤ ਜ਼ਰੂਰੀ ਹੈ। ਲੋਹਾਰੂ ਹਲਕੇ ਤੋਂ ਭਾਜਪਾ ਵਿਧਾਇਕ ਦਲਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਕੁਝ ਲੋਕ, ਖਾਪ ਪੰਚਾਇਤਾਂ, ਸਾਬਕਾ ਮੁੱਖ ਮੰਤਰੀ, ਆਈਐਨਐਲਡੀ ਆਗੂ ਤੇ ਕੁਝ ਆਜ਼ਾਦ ਵਿਧਾਇਕ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੇ ਹਨ। ਸਾਰਿਆਂ ਦੇ ਜਜ਼ਬਾਤ ਕਿਸਾਨਾਂ ਨਾਲ ਜੁੜੇ ਹੋਏ ਹਨ। ਮੈਂ ਖ਼ੁਦ ਵੀ ਕਹਿੰਦਾ ਹਾਂ ਕਿ ਮੈਂ ਪਹਿਲਾਂ ਕਿਸਾਨ ਹਾਂ, ਫੇਰ ਮੰਤਰੀ। ਪਰ ਹਰਿਆਣਾ ਦੇ ਕਿਸਾਨਾਂ ਲਈ ਸਭ ਤੋਂ ਵੱਡਾ ਮੁੱਦਾ ਸਿੰਜਾਈ ਲਈ ਪਾਣੀ ਦਾ ਹੈ। ਬਾਕੀ ਸਾਰੇ ਮੁੱਦੇ ਬਾਅਦ ’ਚ ਹਨ। ਸੱਤ-ਅੱਠ ਜ਼ਿਲ੍ਹਿਆਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਬੇਹੱਦ ਹੇਠਾਂ ਚਲਾ ਗਿਆ ਹੈ। ਸਿੰਜਾਈ ਲਈ ਪਾਣੀ ਦੀ ਕਮੀ ਹੈ। ਜਦ ਪਾਣੀ ਨਹੀਂ ਹੋਵੇਗਾ ਤਾਂ ਫ਼ਸਲਾਂ ਕਿਵੇਂ ਹੋਣਗੀਆਂ? ਇਸ ਲਈ ਕਿਸਾਨ ਐੱਸਵਾਈਐੱਲ ਦਾ ਮੁੱਦਾ ਵੀ ਕੇਂਦਰ ਨਾਲ ਗੱਲਬਾਤ ਵਿਚ ਉਠਾਉਣ।’ -ਪੀਟੀਆਈ