ਦੇਵਿੰਦਰ ਸਿੰਘ
ਯਮੁਨਾਨਗਰ, 7 ਅਕਤੂਬਰ
ਅੱਸੀ ਦੇ ਦਹਾਕੇ ਵਿੱਚ ਦੂਰਦਰਸ਼ਨ ਦੇ ਸੀਰੀਅਲ ‘ਸੂਰਦਾਸ’ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰੁਣ ਬਾਲੀ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ ਹੈ। ਅਮਿਤਾਭ ਬਚਨ ਨਾਲ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ ‘ਗੁੱਡ ਬਾਏ’ ਵਾਲੇ ਦਿਨ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਵੀ ਅਲਵਿਦਾ ਕਹਿ ਗਏ। ਅਰੁਣ ਬਾਲੀ ਹਰਿਆਣਾ ਅਤੇ ਖਾਸ ਕਰਕੇ ਯਮੁਨਾਨਗਰ ਦੇ ਲੋਕਾਂ ਨੂੰ ਬਹੁਤ ਪਿਆਰ ਕਰਦੇ ਸਨ। ਉਹ ਸਮੇਂ-ਸਮੇਂ ’ਤੇ ਯਮੁਨਾਨਗਰ ਆਉਂਦੇ ਰਹਿੰਦੇ ਸਨ। ਅੱਸੀ ਦੇ ਦਹਾਕੇ ਵਿੱਚ ਉਨ੍ਹਾਂ ਨੇ ਯਮੁਨਾਨਗਰ ਵਿੱਚ ਪੰਜਾਬੀ ਫ਼ਿਲਮ ‘ਵਿਸਾਖੀ’ ਦੀ ਸ਼ੂਟਿੰਗ ਕੀਤੀ ਅਤੇ ਉਦੋਂ ਤੋਂ ਉਹ ਯਮੁਨਾਨਗਰ ਦੇ ਸਿਨੇਮਾ ਪ੍ਰੇਮੀਆਂ ਨਾਲ ਜੁੜੇ ਹੋਏ ਸਨ। ਉਨ੍ਹਾਂ ਆਪਣੇ ਕਰੀਅਰ ਦੌਰਾਨ ਵੱਡੇ-ਵੱਡੇ ਅਦਾਕਾਰਾਂ ਨਾਲ ਕੰਮ ਕਰ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਅਰੁਨ ਬਾਲੀ ਨੇ ਵੱਡੀ ਗਿਣਤੀ ਸੀਰੀਅਲਾਂ, ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ। ਯਮੁਨਾਨਗਰ ਵਿੱਚ ਉਨ੍ਹਾਂ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਵਰਿੰਦਰ ਤਿਆਗੀ, ਰਾਜਨ ਦੁੱਗਲ, ਪੰਕਜ ਅਰੋੜਾ, ਪ੍ਰਦੀਪ ਬਖਸ਼ੀ, ਐਡਵੋਕੇਟ ਅੰਕੁਸ਼, ਐਡਵੋਕੇਟ ਸਿਧਾਰਥ ਤਿਆਗੀ ਦੱਸਦੇ ਹਨ ਕਿ ਫਿਲਮਾਂ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕੁਝ ਸਮਾਂ ਮਾਰਕੀਟਿੰਗ ਦਾ ਕੰਮ ਕੀਤਾ ਸੀ ਅਤੇ ਇਸ ਦੌਰਾਨ ਉਹ ਆਪਣੇ ਕੰਮ ਦੇ ਸਿਲਸਿਲੇ ’ਚ ਹਰਿਆਣਾ ਖਾਸ ਕਰ ਯਮੁਨਾਨਗਰ ਆਉਂਦੇ ਰਹਿੰਦੇ ਸਨ। ਜਦੋਂ ਵੀ ਉਹ ਯਮੁਨਾਨਗਰ ਆਉਂਦੇ ਤਾਂ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ, ਉਹ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕਰਦੇ ਸਨ। ਅਰੁਨ ਬਾਲੀ ਹਮੇਸ਼ਾ ਕਹਿੰਦੇ ਸਨ ਕਿ ਪ੍ਰਸ਼ੰਸਕ ਹੀ ਉਨ੍ਹਾਂ ਦੀ ਦੌਲਤ ਹਨ, ਜੇਕਰ ਪ੍ਰਸੰਸਕ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਕੌਣ ਪੁੱਛੇਗਾ।