ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਸਤੰਬਰ
ਇੱਥੇ ਅੱਜ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੇ ਨਾਜਾਇਜ ਨਸ਼ੇ ਦੇ ਵੱਖ-ਵੱਖ ਕੇਸਾਂ ਵਿਚ ਸ਼ਾਮਲ ਮੁਲਜ਼ਮਾਂ ਵੱਲੋਂ ਬਣਾਏ ਗਏ ਹੋਟਲਾਂ ਤੇ ਢਾਬਿਆਂ ਢਾਹਿਆ। ਇਸ ਮੌਕੇ ਉਚ ਅਧਿਕਾਰੀਆਂ ਸਣੇ ਭਾਰੀ ਗਿਣਤੀ ਵਿਚ ਪੁਲੀਸ ਫੋਰਸ ਤਾਇਨਾਤ ਸੀ। ਇਸ ਦੇ ਨਾਲ ਹੀ ਪੁਲੀਸ ਨੇ ਸ਼ਾਹਬਾਦ ਦੇ ਜਲੇਬੀ ਪੁਲ ਦੇ ਕੋਲ ਬਣੀ ਮੀਨਾ ਮਾਰਕੀਟ ਵਿਚ ਬਣੇ ਨਾਜਾਇਜ਼ ਖੋਖਿਆਂ ਤੇ ਦੁਕਾਨਾਂ ’ਤੇ ਵੀ ਬੁਲਡੋਜ਼ਰ ਚਲਾਇਆ। ਇਹ ਜਾਣਕਾਰੀ ਦਿੰਦੇ ਹੋਏ ਵਧੀਕ ਪੁਲੀਸ ਜ਼ਿਲ੍ਹਾ ਕਪਤਾਨ ਕਰਨ ਗੋਇਲ ਨੇ ਦੱਸਿਆ ਕਿ ਪੁਲੀਸ ਨੂੰ ਪਿਛਲੇ ਕਾਫੀ ਸਮੇ ਤੋਂ ਨਸ਼ਾ ਤਸਕਰਾਂ ਨੂੰ ਸਲਾਖਾਂ ਪਿਛੇ ਭੇਜਣ ਦੇ ਨਾਲ ਨਾਲ ਗ਼ੈਰਸਮਾਜੀ ਅਨਸਰਾਂ ਖ਼ਿਲਾਫ਼ ਸਖਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਅਪਰਾਧ ਦੀ ਦੁਨੀਆਂ ਨੂੰ ਸੌਖੇ ਤਰੀਕੇ ਨਾਲ ਛੱਡਣ ਲਈ ਤਿਆਰ ਨਹੀਂ ਹੁੰਦਾ।
ਇਸ ਲਈ ਪੁਲੀਸ ਵੱਲੋਂ ਅਪਰਾਧੀਆਂ ’ਤੇ ਆਰਥਿਕ ਮਾਰ ਕਰਕੇ ਉਨ੍ਹਾਂ ਦੇ ਧੰਦਿਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਸੇ ਲੜੀ ਵਿਚ ਦੇਰ ਸ਼ਾਮ ਰਾਸ਼ਟਰੀ ਰਾਜ ਮਾਰਗ 44 ’ਤੇ ਮੁਲਜ਼ਮਾਂ ਵਲੋਂ ਜੂਏ, ਨਾਜਾਇਜ ਸ਼ਰਾਬ ਤੇ ਨਸ਼ਾ ਤਸਕਰੀ ਕਰ ਕੇ ਕੀਤੀ ਕਮਾਈ ਨਾਲ ਬਣੀ ਜਾਇਦਾਦ ਨੂੰ ਢਾਹਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਖਿਲਾਫ ਵੱਖਵੱਖ ਥਾਣਿਆਂ ਵਿਚ ਕੇਸ ਦਰਜ ਹਨ। ਕਈ ਮੁਲਜ਼ਮ ਉਨ੍ਹਾਂ ਮਾਮਲਿਆਂ ਵਿਚ ਸਜ਼ਾ ਵੀ ਕੱਟ ਚੁਕੇ ਹਨ ਤੇ ਕੁਝ ਮਾਮਲੇ ਵਿਚਾਰ ਅਧੀਨ ਹਨ ਪਰ ਮੁਲਜ਼ਮ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਬਾਹਰ ਆ ਕੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਹਨ। ਕੁਰੂਕਸ਼ੇਤਰ ਪੁਲੀਸ ਦੀ ਅਪਰਾਧੀਆਂ ਨੂੰ ਅਪੀਲ ਹੈ ਕਿ ਉਹ ਗਲਤ ਧੰਦੇ ਛਡ ਕੇ ਚੰਗੇ ਕੰਮ ਕਰਨ ਨਹੀਂ ਤਾਂ ਅਜਿਹੀ ਕਾਰਵਾਈ ਫਿਰ ਹੋ ਸਕਦੀ ਹੈ।