ਪੱਤਰ ਪ੍ਰੇਰਕ
ਟੋਹਾਣਾ, 15 ਸਤੰਬਰ
ਇੱਥੇ ਹੁੱਡਾ ਦੇ ਸੈਕਟਰ ਵਿੱਚੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵੇਦ ਫੁਲਾਂ ਦੀ ਕੋਠੀ ਅੱਗਿਓਂ ਉਸ ਦੀ ਬੋਲੈਰੋ ਗੱਡੀ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲੀਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਜਪਾ ਆਗੂ ਦੀ ਚੋਰੀ ਹੋਈ ਬੋਲੈਰੋ ਗੱਡੀ ਫ਼ਤਿਹਾਬਾਦ ਪੁਲੀਸ ਨੇ ਰਾਜਸਥਾਨ ਵਿੱਚੋਂ ਬਰਾਮਦ ਕਰਨ ਤੋਂ ਬਾਅਦ ਗੱਡੀ ਚੋਰੀ ਦੇ ਮਾਮਲੇ ਵਿੱਚ ਨਾਮਜਦ ਮੁਲਜ਼ਮ ਸੁਭਾਸ਼ ਉਰਫ਼ ਕਾਲੂ ਵਾਸੀ ਜ਼ੋਰਾਵਰਪੁਰਾ ਨੂੰ ਚੋਰੀ ਦੀ ਵਾਰਦਾਤ ਤੋਂ ਛੇ ਮਹੀਨੇ ਬਾਅਦ ਰਾਜਸਥਾਨ ਦੇ ਹੀ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਫਤਿਹਾਬਾਦ ਲੈ ਆਈ ਹੈ। ਪੁਲੀਸ ਬੋਲੈਰੋ ਚੋਰੀ ਕਰਨ ਵਾਲੇ ਮੁਲਜ਼ਮ ਕੋਲੋਂ ਪੁੱਛਗਿਛ ਕਰਕੇ ਹੋਰ ਗ੍ਰਿਫ਼ਤਾਰੀਆਂ ਕਰੇਗੀ। ਇਹ ਜਾਨਕਾਰੀ ਪੁਲੀਸ ਦੇ ਬੁਲਾਰੇ ਨੇ ਦਿੱਤੀ।