ਪੱਤਰ ਪ੍ਰੇਰਕ
ਕਾਲਾਂਵਾਲੀ, 18 ਅਪਰੈਲ
ਸਥਾਨਕ ‘ਆਪ’ ਆਗੂਆਂ ਨੇ ਇੱਥੋਂ ਦੀ ਦਾਦੂ ਰੋਡ ਦੀ ਉਸਾਰੀ ਵਿੱਚ ਨਿਮਨ ਪੱਧਰ ਦੀ ਸਮੱਗਰੀ ਦੀ ਵਰਤੋਂ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪਾਰਟੀ ਦੇ ਸ਼ਹਿਰੀ ਹਲਕਾ ਪ੍ਰਧਾਨ ਮਹੇਸ਼ ਕੁਮਾਰ ਆਜ਼ਾਦ, ਸਰਪ੍ਰਸਤ ਬੀਰ ਸਿੰਘ ਸਰਾਂ, ਸੰਤੋਖ ਸਿੰਘ ਸੋਖਲ, ਮੁਕੇਸ਼ ਰਾਜੋਰੀਆ ਅਤੇ ਲਖਵੀਰ ਸਿੰਘ ਸੋਢੀ ਨੇ ਮੌਕੇ ’ਤੇ ਜਾ ਕੇ ਦਾਦੂ ਰੋਡ ’ਤੇ ਬਣੀ ਰਹੀ ਸੜਕ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ‘ਆਪ’ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਸੜਕ ਉਸਾਰੀ ਦਾ ਕੰਮ ਚੱਲ ਰਿਹਾ ਸੀ, ਪਰ ਮੌਕੇ ’ਤੇ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸੜਕ ਇੰਟਰਲਾਕ ਟਾਈਲਾਂ ਲਾ ਕੇ ਬਣਾਈ ਜਾ ਰਹੀ ਹੈ, ਪਰ ਇਸ ਵਿੱਚ ਨਾ ਬਰੇਤੀ ਤੇ ਨਾ ਹੀ ਕਰੈਸ਼ਰ ਪਾਇਆ ਜਾ ਰਿਹਾ ਹੈ, ਸਿਰਫ਼ ਪੱਥਰ ’ਤੇ ਬਾਲੂ ਰੇਤ ਵਿਛਾਈ ਜਾ ਰਹੀ ਹੈ। ਉਨ੍ਹਾਂ ਪੁਰਾਣੀ ਟਾਈਲਾਂ ਦੀ ਵਰਤੋਂ ਹੋਣ ਦੀ ਵੀ ਗੱਲ ਕਹੀ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।