ਰਤੀਆ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ, ਸੂਬਾ ਕਾਰਜਕਰਨੀ ਮੈਂਬਰ ਅਮਨ ਰਤੀਆ, ਸ਼ਹਿਰੀ ਪ੍ਰਧਾਨ ਸਰਵਜੀਤ ਸਿੰਘ ਨੇ ਅਨਾਜ ਮੰਡੀ ਦੇ ਇਕ ਦੁਕਾਨਦਾਰ ‘ਤੇ ਡੀਏਪੀ ਦੀ ਕਾਲਾਬਾਜ਼ਾਰੀ ਦਾ ਦੋਸ਼ ਲਗਾਇਆ ਹੈ। ਮਾਮਲੇ ਦੀ ਸ਼ਿਕਾਇਤ ਖੇਤੀਬਾੜੀ ਦੇ ਉਪ ਨਿਰਦੇਸ਼ਕ ਨੂੰ ਦਿੱਤੀ ਗਈ ਹੈ। ਸੂਚਨਾ ਤੇ ਖੇਤੀਬਾੜੀ ਵਿਭਾਗ ਦੀ ਟੀਮ ਐੱਸ.ਡੀ.ਓ ਭੀਮ ਸਿੰਘ ਕੁਲੜੀਆ ਅਤੇ ਗੁਣਵਤਾ ਅਧਿਕਾਰੀ ਹਰਬੰਸ ਸਿੰਘ ਦੀ ਅਗਵਾਈ ਵਿਚ ਅਨਾਜ ਮੰਡੀ ਪਹੁੰਚੀ ਅਤੇ ਦੁਕਾਨ ਦੀ ਜਾਂਚ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ, ਸੂਬਾ ਕਾਰਜਕਰਨੀ ਮੈਂਬਰ ਅਮਨ ਰਤੀਆ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਕਿ ਅਨਾਜ ਮੰਡੀ ਵਿਚ ਇਕ ਖਾਦ ਵਿਕਰੇਤਾ ਡੀ.ਏ.ਪੀ ਦੀ ਕਾਲਾਬਾਜ਼ਾਰੀ ਕਰ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਐੱਸ.ਡੀ.ਓ ਭੀਮ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਮੰਡੀ ਦੀ ਫਰਮ ਉਪਦੇਸ਼ ਟਰੇਡਿੰਗ ਕੰਪਨੀ ਖਿਲਾਫ਼ ਸ਼ਿਕਾਇਤ ਦਿੱਤੀ ਹੈ। ਮਾਮਲੇ ਸਬੰਧੀ ਨਿਰਦੇਸ਼ਕ ਅਤੇ ਹੋਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ। -ਪੱਤਰ ਪ੍ਰੇਰਕ