ਜਗਤਾਰ ਸਮਾਲਸਰ
ਏਲਨਾਬਾਦ, 4 ਮਾਰਚ
ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਏਲਨਾਬਾਦ ਦੇ ਦੋ ਵਿਦਿਆਰਥੀ ਭਾਰੀ ਮੁਸ਼ਕਲਾਂ ਨਾਲ ਜੂਝਦੇ ਹੋਏ ਅੱਜ ਘਰ ਪਰਤ ਆਏ, ਜਿੱਥੇ ਸ਼ਹਿਰ ਦੇ ਲੋਕਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਯੂਕਰੇਨ ਤੋਂ ਪਰਤੀ ਸੰਦੀਪ ਕੌਰ ਨੇ ਦੱਸਿਆ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਸਾਈਰਨ ਵੱਜਦਿਆਂ ਹੀ ਉਹ ਟੈਕਸੀ ਰਾਹੀਂ ਪੋਲੈਂਡ ਸਰਹੱਦ ਦੇ ਕੋਲ ਪਹੁੰਚੇ ਸਨ ਪਰ ਟੈਕਸੀ ਡਰਾਈਵਰ ਵਲੋਂ ਉਨ੍ਹਾਂ ਨੂੰ ਸਰਹੱਦ ਤੋਂ ਕਰੀਬ 30 ਕਿਲੋਮੀਟਰ ਪਹਿਲਾਂ ਉਤਾਰ ਦਿੱਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਭੁੱਖੇ-ਪਿਆਸੇ 30 ਕਿਲੋਮੀਟਰ ਦਾ ਰਸਤਾ 2 ਦਿਨ ਵਿੱਚ ਪੈਦਲ ਤੈਅ ਕਰਨਾ ਪਿਆ। ਪੋਲੈਂਡ ਬਾਰਡਰ ’ਤੇ ਵੀ ਜ਼ਿਆਦਾ ਭੀੜ ਹੋਣ ਕਾਰਨ ਅਤੇ ਜ਼ਿਆਦਾ ਠੰਢ ਹੋਣ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੰਦੀਪ ਨੇ ਦੱਸਿਆ ਕਿ ਇੱਥੇ ਲੋਕ ਭਾਵੇ ਲਾਈਨਾਂ ਵਿੱਚ ਲੱਗੇ ਹੋਏ ਸਨ ਪਰ ਧੱਕਾਮੁੱਕੀ ਦੌਰਾਨ ਕਈ ਲੋਕ ਜ਼ਖ਼ਮੀ ਵੀ ਹੋ ਗਏ।
ਉਨ੍ਹਾਂ ਨੂੰ ਦੋ ਦਿਨ ਦੇ ਇੰਤਜ਼ਾਰ ਤੋਂ ਬਾਅਦ ਪੋਲੈਂਡ ਵਿੱਚ ਦਾਖ਼ਲ ਹੋਣ ਦਿੱਤਾ ਗਿਆ। ਇਸ ਮਗਰੋਂ ਭਾਰਤੀ ਸਫ਼ਾਰਤਖਾਨੇ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ। ਸੰਦੀਪ ਕੌਰ ਨੇ ਦੱਸਿਆ ਕਿ ਇੱਥੋਂ ਬੱਸਾਂ ਰਾਹੀ ਉਨ੍ਹਾਂ ਨੂੰ ਏਅਰਪੋਰਟ
ਤੱਕ ਲਿਆਂਦਾ ਗਿਆ, ਜਿੱਥੋਂ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਭਾਰਤ ਤੱਕ ਬਿਲਕੁਲ ਮੁਫ਼ਤ ਵਿੱਚ ਲਿਆਉਣ ਦੀ ਸਹੂਲਤ ਦਿੱਤੀ ਗਈ। ਰਜਤ ਟਾਂਕ ਨੇ ਦੱਸਿਆ ਕਿ ਉਹ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਰੋਮਾਨੀਆ ਪਹੁੰਚੇ, ਜਿਥੋਂ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਵਿਵਸਥਾ ਕੀਤੀ ਗਈ। ਰਜਤ ਟਾਂਕ ਨੇ
ਦੱਸਿਆ ਕਿ ਉਹ ਆਪਣੀ ਟੈਕਸੀ ’ਤੇ ਤਿਰੰਗਾ ਲਗਾਕੇ ਬਾਰਡਰ ਤੱਕ ਪਹੁੰਚੇ ਸਨ। ਇਸ ਦੌਰਾਨ ਜ਼ਿਆਦਾਤਰ ਪਾਕਿਸਤਾਨੀ ਵਿਦਿਆਰਥੀ ਵੀ ਆਪਣੀਆਂ ਟੈਕਸੀਆਂ ’ਤੇ ਤਿਰੰਗਾ ਲਗਾ ਕੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਯੂਕਰੇਨ ਦੇ ਲੋਕ ਅਤੇ ਫੌਜ ਵੀ ਭਾਰਤੀ ਲੋਕਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖ ਰਹੇ ਸਨ ਅਤੇ ਕੋਈ ਸਹਾਇਤਾ ਨਹੀਂ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਜੋ ਵਿਦਿਆਰਥੀ ਹਾਲੇ ਯੂਕਰੇਨ ਵਿੱਚ ਹਨ ਉਨ੍ਹਾਂ
ਦੀ ਹਾਲਤ ਤਰਸਯੋਗ ਹੈ ਕਿਉਕਿ ਉਨ੍ਹਾਂ ਕੋਲ ਖਾਣ-ਪੀਣ ਦਾ ਸਾਮਾਨ ਵੀ ਖਤਮ ਹੋਗਿਆ ਹੈ। ਜ਼ਿਆਦਾ ਰਸਤਾ ਪੈਦਲ ਤੈਅ ਕਰਨ ਕਾਰਨ ਵਿਦਿਆਰਥੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ।