ਪੱਤਰ ਪ੍ਰੇਰਕ
ਰਤੀਆ, 25 ਜੂਨ
ਮੌਨਸੂਨ ਦੀ ਥੋੜ੍ਹੀ ਜਿਹੀ ਬਾਰਿਸ਼ ਤੋਂ ਬਾਅਦ ਰਤੀਆ ਖੇਤਰ ਵਿੱਚ ਝੋਨੇ ਦੀ ਲਵਾਈ ਨੇ ਜ਼ੋਰ ਫੜ ਲਿਆ ਹੈ। ਭਾਵੇਂ ਝੋਨੇ ਦੀ ਲਵਾਈ ਨੂੰ ਲੈ ਕੇ ਪਰਵਾਸੀ ਮਜ਼ਦੂਰਾਂ ਦੀ ਆਮਦ ਹੋਈ ਹੈ, ਪਰ ਫਿਰ ਵੀ ਇਸ ਲਵਾਈ ਲਈ ਮਜ਼ਦੂਰਾਂ ਦੀ ਘਾਟ ਰੜਕ ਰਹੀ ਹੈ। ਝੋਨੇ ਦੀ ਲਵਾਈ ਦੀ ਤਰੀਕ ਜਿਉਂ ਨੇੜੇ ਆਈ ਕਿਸਾਨਾਂ ਨੇ ਆਪਣਾ ਸਾਰਾ ਧਿਆਨ ਇਸ ’ਤੇ ਕੇਂਦਿਰਤ ਕਰ ਦਿੱਤਾ ਹੈ। ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਦੇ ਮੌਸਮ ਨੂੰ ਦੇਖਦਿਆਂ ਹਰਿਆਣਾ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਨੇ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਝੋਨੇ ਦੀ ਲਵਾਈ ਨੂੰ ਲੈ ਕੇ ਮਜ਼ਦੂਰ ਵੀ ਪੂਰੇ ਹੌਸਲੇ ਵਿੱਚ ਹਨ ਕਿਉਂਕਿ ਇਸ ਵਾਰ ਝੋਨੇ ਦੀ ਲਵਾਈ 3500-4000 ਰੁਪਏ ਪ੍ਰਤੀ ਏਕੜ ਮਿਲ ਰਹੀ ਹੈ ਅਤੇ ਉਹ ਸ਼ਾਮ ਤੱਕ ਵੱਧ ਤੋਂ ਵੱਧ ਝੋਨਾ ਲਾਉਣ ਲਈ ਸਖ਼ਤ ਮਿਹਨਤ ਕਰਦੇ ਹਨ।