ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਕਤੂਬਰ
ਇਥੇ ਪੰਜ ਤਾਰਾ ਹੋਟਲ ਦੇ ਇੱਕ ਮੁਲਾਜ਼ਮ (26) ਨੂੰ ਪੁਲੀਸ ਨੇ 90 ਕਿਲੋ ਪਾਬੰਦੀ ਵਾਲੇ ਪਟਾਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਹੰਮਦ ਅਜ਼ੀਮ ਵਜੋਂ ਹੋਈ ਹੈ। ਡੀਸੀਪੀ (ਕੇਂਦਰੀ) ਸ਼ਵੇਤਾ ਚੌਹਾਨ ਨੇ ਦੱਸਿਆ ਕਿ ਮੁਹੰਮਦ ਅਜ਼ੀਮ ਵਜੋਂ ਜਾਣੇ ਜਾਂਦੇ ਮੁਲਜ਼ਮ ਨੂੰ ਜਾਮਾ ਮਸਜਿਦ ਨੇੜੇ ਪਟਾਕੇ ਨਾਲ ਭਰੇ ਬੈਗ ਨਾਲ ਫੜਿਆ ਗਿਆ। ਡੀਸੀਪੀ ਨੇ ਕਿਹਾ ਕਿ ਕਾਂਸਟੇਬਲ ਧਰਮੇਂਦਰ ਤੇ ਏਐੱਸਆਈ ਪੀਆਰ ਪਟਨਾਇਕ ਨੇ ਉਸ ਵਿਅਕਤੀ ਨੂੰ ਲੱਭਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਾਮਾ ਮਸਜਿਦ ਦੇ ਧਰਮਪੁਰਾ ਖੇਤਰ ਦੇ ਨਿਵਾਸੀ ਅਜ਼ੀਮ ਦੇ ਖ਼ਿਲਾਫ਼ ਆਈਪੀਐਸ ਤੇ ਭਾਰਤੀ ਵਿਸਫੋਟਕ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਅਜ਼ੀਮ ਨਵੀਂ ਦਿੱਲੀ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਕੰਮ ਕਰਦਾ ਸੀ। ਵਧੇਰੇ ਪੈਸਾ ਕਮਾਉਣ ਲਈ ਉਹ ਪਟਾਕੇ ਵੇਚਣ ਦੀ ਯੋਜਨਾ ਬਣਾ ਰਿਹਾ ਸੀ ਜੋ ਉਸ ਨੇ ਫਰੀਦਾਬਾਦ ਦੇ ਇੱਕ ਵਿਅਕਤੀ ਤੋਂ ਦਿੱਲੀ ਵਿੱਚ ਖਰੀਦੇ ਸਨ। ਪਿਛਲੇ ਹਫਤੇ ਦਿੱਲੀ ਪੁਲੀਸ ਨੇ ਇੱਕ ਆਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਵਿਕਰੇਤਾਵਾਂ ਨੂੰ ਰਾਜਧਾਨੀ ਵਿੱਚ ਪਟਾਕੇ ਵੇਚਣ ਜਾਂ ਸਟੋਰ ਕਰਨ ਲਈ ਅਸਥਾਈ ਲਾਇਸੈਂਸ ਨਹੀਂ ਦੇਵੇਗੀ।
ਦਿੱਲੀ ਪੁਲੀਸ ਦੀ ਲਾਇਸੈਂਸਿੰਗ ਇਕਾਈ ਨੇ ਕਿਹਾ ਕਿ ਉਹ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਨ ਅਤੇ ਕਿਸੇ ਵੀ ਵਿਕਰੇਤਾ ਨੂੰ ਲਾਇਸੈਂਸ ਜਾਰੀ ਨਹੀਂ ਕਰਨਗੇ। ਕੋਵਿਡ -19 ਦੀ ਸਥਿਤੀ ਤੇ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਮੱਦੇਨਜ਼ਰ ਸਾਰੇ ਪਟਾਕਿਆਂ ਦੇ ਵਪਾਰ ‘ਤੇ ਪਾਬੰਦੀ ਲਗਾਈ ਗਈ ਹੈ। ਦਿੱਲੀ ਸਰਕਾਰ ਨੇ ਪਹਿਲਾਂ ਹੀ ਪਟਾਕੇ ਖਰੀਦਣ/ਵੇਚਣ ਤੇ ਭੰਡਾਰ ਕਰਨ ਦੀ ਪਾਬੰਦੀ ਲਾ ਰੱਖੀ ਹੈ।