ਫਰੀਦਾਬਾਦ (ਪੱਤਰ ਪ੍ਰੇਰਕ): ਸਨਅਤੀ ਸ਼ਹਿਰ ਦੇ ਅਜਰੌਂਦਾ ਮੈਟਰੋ ਸਟੇਸ਼ਨ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਖੜ੍ਹੇ ਇੱਕ ਟਰੱਕ ਨੂੰ ਅੱਜ ਅਚਾਨਕ ਅੱਗ ਲੱਗ ਗਈ। ਇਹ ਟਰੱਕ ਰਸਾਇਣ ਨਾਲ ਭਰਿਆ ਹੋਇਆ ਸੀ। ਟਰੱਕ ਚਾਲਕ ਨੇ ਜਦੋਂ ਧੂੰਆਂ ਉੱਠਦਾ ਦੇਖਿਆ ਤਾਂ ਉਹ ਟਰੱਕ ਵਿੱਚੋਂ ਬਾਹਰ ਨਿਕਲਣ ਵਿਚ ਸਫ਼ਲ ਰਿਹਾ ਤੇ ਅੱਗ ਲੱਗਣ ਸਬੰਧੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਘਟਨਾ ਬਾਰੇ ਸੂਚਿਤ ਕੀਤਾ। ਜਾਣਕਾਰੀ ਮੁਤਾਬਿਤ ਟਰੱਕ ਵਿੱਚ ਲੱਗੀ ਅੱਗ ਨੇ ਨਾਲ ਖੜ੍ਹੇ ਦੂਜੇ ਟਰੱਕ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਉਧਰ ਸੂਚਨਾ ਮਿਲਣ ਮਗਰੋਂ ਘਟਨਾ ਵਾਲੀ ਥਾਂ ’ਤੇ ਪੁੱਜੀਆਂ ਦੋ ਅੱਗ ਬੁਝਾਊ ਗੱਡੀਆਂ ਨੇ ਅੱਗ ’ਤੇ ਪਾਇਆ। ਇਸ ਘਟਨਾ ਵਿੱਚ ਦੋਵੇਂ ਟਰੱਕ ਕਾਫ਼ੀ ਜ਼ਿਆਦਾ ਨੁਕਸਾਨੇ ਗਏ ਹਨ। ਚਾਲਕ ਨੇ ਦੱਸਿਆ ਕਿ ਟਰੱਕ ਵਿੱਚ ਰਸਾਇਣ ਭਰਿਆ ਹੋਇਆ ਸੀ ਤੇ ਤਿੱਖੀ ਧੁੱਪ ਦੌਰਾਨ ਦੁਪਹਿਰ ਵੇਲੇ ਅੱਗ ਲੱਗ ਗਈ।