ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਜਨਵਰੀ
ਇੱਥੋਂ ਦੇ ਕੱਕੜ ਮਾਜਰਾ ਭੱਠੇ ਤੋਂ ਲਾਲੜੂ ਇੱਟਾਂ ਲੈ ਜਾ ਰਿਹਾ ਟਰੱਕ ਅੱਜ ਦੁਪਹਿਰੇ ਪਲਟ ਗਿਆ। ਟਰੱਕ ਸਵਾਰ 13 ਮਜ਼ਦੂਰ ਇੱਟਾਂ ਦੇ ਥੱਲੇ ਦੱਬ ਗਏ ਜਿਨ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ ਅਤੇ ਬਾਕੀਆਂ ਨੂੰ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਮਜ਼ਦੂਰ, ਇੱਟਾਂ ਉਤਾਰਨ ਲਈ ਲਾਲੜੂ ਜਾ ਰਹੇ ਸਨ ਕਿ ਓਵਰਟੇਕ ਕਰਦਿਆਂ ਟਰੱਕ ਕੱਚੇ ਲਹਿ ਗਿਆ ਅਤੇ ਮਿੱਟੀ ਵਿੱਚ ਧਸਦਿਆਂ ਹੀ ਬੇਕਾਬੂ ਹੋ ਕੇ ਪਲਟ ਗਿਆ। ਟਰੱਕ ’ਤੇ ਇੱਟਾਂ ਦੇ ਉੱਪਰ ਬੈਠੇ 13 ਮਜ਼ਦੂਰ ਸੜਕ ਕੰਢੇ ਜਮ੍ਹਾਂ ਪਾਣੀ ਵਿੱਚ ਡਿੱਗ ਪਏ ਅਤੇ ਇੱਟਾਂ ਉਨ੍ਹਾਂ ਦੇ ਉੱਪਰ ਆ ਡਿੱਗੀਆਂ। ਇਸ ਹਾਦਸੇ ਵਿੱਚ ਪਟਨਾ (ਬਿਹਾਰ) ਨਿਵਾਸੀ 32 ਸਾਲਾ ਸਤਿੰਦਰ ਦੀ ਮੌਤ ਹੋ ਗਈ ਜਦੋਂ ਕਿ ਸ੍ਰੀ ਰਾਮ (30), ਕੁਮਕੁਮ (29), ਸੌਫਲ (30), ਸੂਰਜ (32), ਰਣਜੀਤ (30), ਮੋਤੀ (35), ਅਜੈ (26) ਸੇਵਕ (29), ਬਬਲੂ (23) ਤੇ ਰਾਮਦੇਵ (55) ਜ਼ਖ਼ਮੀ ਹੋ ਗਏ। ਜ਼ਖ਼ਮੀ ਮਜ਼ਦੂਰਾਂ ਨੂੰ ਸ਼ਹਿਰ ਦੇ ਟਰੌਮਾ ਸੈਂਟਰ ਵਿੱਚ ਦਾਖਲ ਕਰਾਇਆ ਗਿਆ।
ਮੋਟਰਸਾਈਕਲ ਅੱਗੇ ਪਸ਼ੂ ਆ ਜਾਣ ਕਾਰਨ ਹਾਦਸਾ; ਨੌਜਵਾਨ ਦੀ ਮੌਤ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਵਾਪਰੇ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਦੋਸਤ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਇਹ ਹਾਦਸਾ ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਵਾਪਰਿਆ। ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ 35 ਸਾਲਾ ਅਮਰ ਸਿੰਘ ਵਾਸੀ ਪਿੰਡ ਜਵਾਹਰਪੁਰ ਲੰਘੀ ਰਾਤ ਆਪਦੇ ਦੋਸਤ ਕਮਲਜੀਤ ਸਿੰਘ ਨਾਲ ਮੋਟਰਸਾਈਕਲ ’ਤੇ ਪਿੰਡ ਵੱਲ ਜਾ ਰਹੇ ਸਨ। ਇਸ ਦੌਰਾਨ ਰਾਹ ਵਿੱਚ ਉਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ ਅਚਾਨਕ ਆਵਾਰਾ ਪਸ਼ੂ ਆ ਜਾਣ ਕਾਰਨ ਉਹ ਬੇਕਾਬੂ ਹੋ ਕੇ ਹੇਠਾਂ ਡਿੱਗ ਗਏ ਤੇ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਉਸਦੇ ਮੋਟਰਸਾਈਕਲ ਦੇ ਪਿੱਛੇ ਬੈਠੇ ਅਮਰ ਸਿੰਘ ਨੂੰ ਜ਼ਿਆਦਾ ਸੱਟਾਂ ਲੱਗੀਆਂ। ਜ਼ਖ਼ਮੀ ਅਮਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਕਾਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
ਲਾਲੜੂ (ਪੱਤਰ ਪ੍ਰੇਰਕ): ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਕਾਰ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ’ਤੇ ਨਾਮਾਲੂਮ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਹੀਰਾ ਕਾਂਤ (44) ਪੁੱਤਰ ਮਿਸਰੀ ਲਾਲ ਨਿਵਾਸੀ ਡੇਰਾਬੱਸੀ ਜੋ ਨਾਹਰ ਕੰਪਨੀ ਵਿੱਚ ਰਾਤ ਕਰੀਬ ਸਾਢੇ 9 ਵਜੇ ਡਿਊਟੀ ਖਤਮ ਕਰਕੇ ਆਪਣੇ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ, ਪਿੰਡ ਘੋਲੂਮਾਜਰਾ ਨੇੜੇ ਪਿੱਛੋਂ ਆ ਰਹੀ ਕਾਰ ਨੇ ਉਸ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ।