ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਫਰਵਰੀ
ਪਿੰਡ ਕੰਦੋਲੀ ਬੱਸ ਅੱਡੇ ਨੇੜੇ ਮੱਝਾਂ ਤੇ ਕੱਟਿਆਂ ਨਾਲ ਭਰਿਆ ਟਰੱਕ ਪਲਟਣ ਕਾਰਨ ਕਈ ਪਸ਼ੂਆਂ ਦੀ ਮੌਤ ਤੇ ਕਈ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਇਹ ਟਰੱਕ ਮੱਝਾਂ ’ਤੇ ਕੱਟਿਆਂ ਨਾਲ ਭਰਿਆ ਹੋਇਆ ਸੀ ਤੇ ਟਰੱਕ ਵਿਚ ਲੱਦੇ ਪਸ਼ੂਆਂ ਦੇ ਪੈਰ ਬੰਨ੍ਹੇ ਹੋਣ ਕਾਰਨ ਪਸ਼ੂ ਇਕ ਦੂਜੇ ਵਿਚ ਹੀ ਫਸੇ ਰਹੇ ਤੇ ਟਰੱਕ ਪਲਟਣ ਤੋਂ ਬਾਅਦ ਉਹ ਬਾਹਰ ਨਹੀਂ ਨਿਕਲ ਸਕੇ। ਜਾਣਕਾਰੀ ਮੁਤਾਬਿਕ ਪਿੰਡ ਕੰਦੋਲੀ ਤੇ ਭੈਣੀ ਦੇ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਰੁਕੇ ਰਾਹਗੀਰਾਂ ਵੱਲੋਂ ਪਸ਼ੂਆਂ ਦੇ ਰੱਸੇ ਖੋਲ੍ਹੇ ਗਏ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਸਕੀ।
ਸੂਚਨਾ ਮਿਲਦੇ ਹੀ ਬਾਬੈਨ ਦੇ ਡੰਗਰ ਡਾਕਟਰ ਰੋਹਿਤਾਸ਼ ਸੈਣੀ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਜ਼ਖਮੀ ਪਸ਼ੂਆਂ ਦਾ ਇਲਾਜ ਕੀਤਾ। ਉਨ੍ਹਾਂ ਦੱਸਿਆ ਕਿ ਕਈ ਪਸ਼ੂਆਂ ਦੀਆਂ ਲੱਤਾਂ ਟੁੱਟ ਗਈਆਂ ਤੇ ਪੈਰ ਬੰਨ੍ਹੇ ਹੋਣ ਕਾਰਨ ਕਈਆਂ ਦੀ ਮੌਤ ਹੋ ਗਈ ਹੈ। ਕੁਝ ਪਸ਼ੂ ਸੱਟਾਂ ਲਗੱਣ ਕਰਕੇ ਬੇਹੋਸ਼ ਸਨ। ਡਾਕਟਰ ਨੇ ਦੱਸਿਆ ਕਿ ਟਰੱਕ ਵਿੱਚ ਜ਼ਿਆਦਾ ਗਿਣਤੀ ਵਿੱਚ ਪਸ਼ੂ ਭਰੇ ਹੋਏ ਸਨ, ਜਿਸ ਕਾਰਨ ਟਰੱਕ ਪਲਟਿਆ ਲੱਗਦਾ ਹੈ। ਹਾਦਸੇ ਬਾਰੇ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਹਿਮਾਚਲ ਤੋਂ ਮੱਝਾਂ ਖਰੀਦ ਕੇ ਲਿਆਏ ਸਨ ਤੇ ਸਹਾਰਨਪੁਰ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਕੰਦੋਲੀ ਕੋਲ ਪੁੱਜੇ ਤਾਂ ਲਾਡਵਾ ਵਲੋਂ ਤੇਜ਼ ਰਫਤਾਰ ਆ ਰਹੀ ਕਾਰ ਦੇ ਚਾਲਕ ਵੱਲੋਂ ਸਾਈਡ ਦਬਾਉਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਉਹ ਕਣਕ ਦੇ ਖੇਤਾਂ ਵਿਚ ਪਲਟ ਗਿਆ। ਘਟਨਾ ਵਾਲੀ ਥਾਂ ’ਤੇ ਪੁੱਜੇ ਥਾਣਾ ਇੰਚਾਰਜ ਬਾਬੈਨ ਰਾਜੀਵ ਕੁਮਾਰ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ ਤੇ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।