ਪੱਤਰ ਪ੍ਰੇਰਕ
ਟੋਹਾਣਾ, 22 ਜੁਲਾਈ
ਇਥੋਂ ਨੇੜਲੇ ਪਿੰਡ ਦਹਿਮਣ ਵਿੱਚ ਅੱਜ ਦਸ ਸਾਲਾ ਬੱਚੇ ਦੀ ਨਾਲੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਪੰਚਾਇਤੀ ਜ਼ਮੀਨ ਦੇ ਚਾਰ ਏਕੜ ਵਿੱਚ ਬਣਾਏ ਜਾ ਰਹੇ ਗੰਦੇ ਪਾਣੀ ਦੇ ਤਲਾਬ ਲਈ ਭੂਮੀਗਤ ਪਾਈਪ ਪਾਉਣ ਲਈ 6 ਫੁੱਟ ਡੂੰਘੀ ਖਾਲ ਪੁੱਟੀ ਹੋਈ ਸੀ। ਇਸ ਵਿੱਚ ਡਿੱਗ ਕੇ ਅੱਜ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚਾ ਵਿਸ਼ਾਲ ਚੌਥੀ ਜਮਾਤ ਦਾ ਵਿਦਿਆਰਥੀ ਸੀ ਤੇ ਮੀਂਹ ਪੈਣ ਤੋਂ ਬਾਅਦ ਖਾਲ ਵਿੱਚ ਦਲਦਲ ਬਣ ਜਾਣ ’ਤੇ ਅਚਾਨਕ ਉਥੇ ਡਿੱਗ ਪਿਆ। ਜਦੋਂ ਦਲਦਲ ਵਿੱਚ ਖੁੱਭ ਗਿਆ ਤੇ ਉਸ ਨੂੰ ਬਚਾਉਣ ਲਈ ਗੂਗਨ ਨਾਂ ਦਾ ਨੌਜਵਾਨ ਉਤਰਿਆ ਤਾਂ ਉਸ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਬੱਚਾ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਜਾਣ ਤੇ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕ ਬੱਚੇ ਦੇ ਪਿਤਾ ਜੁਗਿੰਦਰ ਸਿੰਘ ਨੇ ਪੋਸਟਮਾਰਟਮ ਕਰਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਮ੍ਰਿਤਕ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ।