ਮਹਾਵੀਰ ਮਿੱਤਲ
ਜੀਂਦ, 11 ਦਸੰਬਰ
ਖੇਤੀ ਦੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਬਾਕੀ ਮੰਗਾਂ ਸਬੰਧੀ ਦਿੱਲੀ ਦੇ ਬਾਰਡਰਾਂ ਉੱਤੇ ਧਰਨਾ ਦੇ ਰਹੇ ਕਿਸਾਨਾਂ ਨੇ ਅੱਜ ਵਾਪਸੀ ਕਰ ਲਈ ਹੈ। ਮੋਰਚੇ ਵੱਲੋਂ ਕਿਸਾਨਾਂ ਦੀ ਵਾਪਸੀ ਦਾ ਐਲਾਨ ਹੋਣ ਮਗਰੋਂ ਅੱਜ ਇੱਥੇ ਬੜੌਦਾ ਤੋਂ ਅੱਗੇ ਹਾਈਵੇਅ ਉੱਤੇ ਅਤੇ ਖੱਟਕੜ ਟੌਲ ਪਲਾਜ਼ਾ ਕੋਲ ਚੱਲ ਰਹੇ ਕਿਸਾਨਾਂ ਦੇ ਲੰਗਰ ਉੱਤੇ ਵਾਪਸ ਆ ਰਹੇ ਕਿਸਾਨਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕਿਸਾਨਾਂ ਨੇ ਡੀਜੇ ’ਤੇ ਗੀਤ ਲਾ ਕੇ ਨੱਚ ਕੇ ਆਪਣੀ ਖੁਸ਼ੀ ਮਨਾਈ।
ਪੰਜਾਬ ਦੇ ਰਾਜਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ-ਹਰਿਆਣਾ ਇੱਕ ਹੋ ਗਏ ਤੇ ਮੋਰਚਾ ਜਿੱਤ ਲਿਆ। ਟੌਲ ਕਮੇਟੀ ਦੇ ਪ੍ਰਧਾਨ ਸਤਿਵੀਰ ਸਿੰਘ ਪਹਿਲਵਾਨ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਦਿੱਲੀ ਤੋਂ ਵਾਪਸ ਆਉਣ ਵਾਲੇ ਕਿਸਾਨਾਂ ਦਾ ਦੋਵੇਂ ਥਾਵਾਂ ਉੱਤੇ ਲਗਾਏ ਗਏ ਲੰਗਰਾਂ ਉੱਤੇ ਰੋਕ ਕੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਲੰਗਰ ਉੱਤੇ ਭੰਡਾਰੇ ਵਿੱਚ ਹਲਵਾ, ਪੂਰੀ ਦੇ ਨਾਲ ਖੀਰ ਅਤੇ ਜਲ੍ਹੇਬੀ ਬਣਾਕੇ ਕਿਸਾਨਾਂ ਨੂੰ ਖਵਾਈ ਗਈ। ਸਤਿਵੀਰ ਪਹਿਲਵਾਨ ਨੇ ਦੱਸਿਆ ਕਿ ਇੱਥੇ ਟੌਲ ਪਲਾਜ਼ਿਆਂ ਉੱਤੇ ਚੱਲ ਰਹੇ ਲੰਗਰ ਨੂੰ 15 ਦਸੰਬਰ ਤੱਕ ਚਲਾਇਆ ਜਾਵੇਗਾ ਕਿਉਂਕਿ 14 ਦਸੰਬਰ ਤੱਕ ਰਾਕੇਸ਼ ਟਿਕੈਤ, ਸੁਰੇਸ਼ ਗੋਇਤ, ਵਿਕਾਸ ਸੀਂਸਰ, ਯੁਦਵੀਰ ਸਿੰਘ, ਰਵੀ ਆਜ਼ਾਦ ਅਤੇ ਅਭਿਮਨੂੰ ਕੋਹਾੜ ਆਦਿ ਦਾ ਇੱਥੇ ਪਹੁੰਚਣ ਦਾ ਪ੍ਰੋਗਰਾਮ ਹੈ। ਇਸ ਮੌਕੇ ਉੱਤੇ ਸੁਭਾਸ਼ ਖੱਟਕੜ, ਦਲਬੀਰ ਸਿੰਘ, ਸੁਰੇਸ਼ ਖਰਕਭੂਰਾ, ਸਤੀਸ਼ ਸਿਓਕੰਦ, ਲਾਭ ਸਿੰਘ ਕਾਬਰਛਾ, ਜਸਮੇਰ ਬੜੌਦੀ, ਮੁਕੇਸ਼ ਗੋਇਲ, ਰਮੇਸ਼ ਨੰਬਰਦਾਰ, ਜਤਿੰਦਰ ਸਿਓਕੰਦ, ਸੁਰੇਸ਼ ਸੁਰਬਰਾ ਅਤੇ ਜੋਗਿੰਦਰ ਉਚਾਨਾ ਆਦਿ ਹਾਜ਼ਰ ਸਨ।
ਟਰੇਡ ਯੂਨੀਅਨਾਂ ਵੱਲੋਂ ਕਿਸਾਨਾਂ ਨੂੰ ਜਿੱਤ ਦੀਆਂ ਵਧਾਈਆਂ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਸੁਤੰਤਰ ਸੈਂਟਰਲ ਫੈਡਰੇਸ਼ਨਾਂ ਐਸੋਸੀਏਸ਼ਨਾਂ ਦੇ ਸਾਂਝਾ ਪਲੇਟਫਾਰਮ, ਵੱਲੋਂ ਕਿਸਾਨ ਅੰਦੋਲਨ ਨੂੰ ਸਫਲ ਸਿੱਟੇ ਤੱਕ ਪਹੁੰਚਾਉਣ ਲਈ ਸੰਯੁਕਤ ਕਿਸਾਨ ਮੋਰਚਾ ਨੂੰ ਦਿਲੋਂ ਵਧਾਈ ਦਿੱਤੀ ਗਈ ਅਤੇ ਰਾਜਧਾਨੀ ਦਿੱਲੀ ਦੀਆਂ ਹੱਦਾਂ ’ਤੇ ਸਾਲ ਭਰ ਚੱਲੇ ਅੰਦੋਲਨ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ। ਟਰੇਡ ਯੂਨੀਅਨ ਆਗੂ ਅਮਰਜੀਤ ਕੌਰ ਨੇ ਕਿਹਾ, ‘ਮਜ਼ਦੂਰ ਜਮਾਤ ਦੀ ਲਹਿਰ ਆਪਣੀ ਸਫ਼ਲਤਾ ਲਈ ਪੂਰੀ ਤਰ੍ਹਾਂ ਖੁਸ਼ੀ ਅਤੇ ਮਾਣ ਨੂੰ ਸਾਂਝਾ ਕਰਦੀ ਹੈ, ਜੋ ਕਿ ਇਤਿਹਾਸਕ ਕਿਸਾਨ ਸੰਘਰਸ਼ ਦੇ ਨਾਲ ਦੇਸ਼ ਭਰ ਵਿੱਚ ਨਿਰੰਤਰ ਏਕਤਾ ਵਿੱਚ ਮਜ਼ਦੂਰ ਜਮਾਤ ਦੀ ਸਰਗਰਮ ਸ਼ਮੂਲੀਅਤ ਤੋਂ ਪੈਦਾ ਹੋਈ ਹੈ।’ ਉਨ੍ਹਾਂ ਕਿਹਾ, ‘ਅਸੀਂ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਕਦੇ ਵੀ ਕਿਸੇ ਜ਼ਾਲਮ ਤਾਕਤ ਅੱਗੇ ਨਾ ਝੁਕਣ ਦਾ ਸੁਨੇਹਾ ਦਿੱਤਾ।’ ਉਨ੍ਹਾਂ ਕਿਹਾ ਕਿ ਇਸ ਮੋਰਚੇ ਵੱਲੋਂ ਇੱਕ ਸ਼ਕਤੀਸ਼ਾਲੀ ਵਿਰੋਧੀ ਕਾਰਪੋਰੇਟ ਪੱਖੀ ਕੇਂਦਰ ਸਰਕਾਰ ਦੇ ਜਬਾੜੇ ਤੋਂ ਜਿੱਤ ਖੋਹ ਲਈ ਗਈ ਹੈ।