ਨਿਜੀ ਪੱਤਰ ਪ੍ਰੇਰਕ
ਅੰਬਾਲਾ, 4 ਸਤੰਬਰ
ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਅੰਬਾਲਾ ਵਿਚੋਂ ਗੁਜ਼ਰਨ ਵਾਲੇ 5 ਕੌਮੀ ਮਾਰਗਾਂ ਨੂੰ ਆਪਸ ਵਿਚ ਜੋੜਨ ਵਾਲੀ ਰਿੰਗ ਰੋਡ ਅੰਬਾਲਾ ਨਿਵਾਸੀਆਂ ਦੇ ਨਾਲ ਨਾਲ ਇੱਥੇ ਆਉਣ ਵਾਲੇ ਯਾਤਰੂਆਂ ਲਈ ਵੀ ਸਹੂਲਤ ਪ੍ਰਦਾਨ ਕਰੇਗੀ। ਇਸ 6 ਮਾਰਗੀ ਰਿੰਗ ਰੋਡ ’ਤੇ 1500 ਕਰੋੜ ਰੁਪਏ ਖ਼ਰਚ ਹੋਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਚੰਡੀਗੜ੍ਹ ਰੋਡ, ਜਗਾਧਰੀ ਰੋਡ, ਨਰਾਇਣਗੜ੍ਹ ਰੋਡ, ਜੀਟੀ ਰੋਡ ਅਤੇ ਹਿਸਾਰ ਰੋਡ ਨਾਲ ਇਹ 40 ਕਿੱਲੋਮੀਟਰ ਲੰਮੀ ਰਿੰਗ ਰੋਡ ਜੁੜੇਗੀ। ਇਸ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਬਾਹਰੋਂ ਜਿਹੜੇ ਵੀ ਵੱਡੇ ਵਹੀਕਲ ਹੋਣਗੇ ਉਹ ਡਾਈਵਰਟ ਹੋ ਕੇ ਜਾਣਗੇ। ਇਸ ਦੇ ਨਿਰਮਾਣ ਲਈ ਕੇਂਦਰ ਅਤੇ ਰਾਜ ਸਰਕਾਰ 50-50 ਫੀਸਦ ਰਕਮ ਖ਼ਰਚ ਕਰਨਗੀਆਂ। ਇਹ ਰਿੰਗ ਰੋਡ ਅੰਬਾਲਾ ਵਿਚ ਬਾਈਪਾਸ ਦਾ ਕੰਮ ਕਰੇਗੀ। ਸ੍ਰੀ ਵਿੱਜ ਨੇ ਕਿਹਾ ਕਿ ਸ਼ਹਿਰ ਵਿਚ ਜਿੱਥੇ ਜਿੱਥੇ ਵੀ ਫਾਟਕ ਪੈਂਦੇ ਸਨ ਉਨ੍ਹਾਂ ਨੂੰ ਹਟਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ। ਸ਼ਾਹਪੁਰ ਵਿਚ ਅੰਡਰ ਪਾਸ ਬਣਾਇਆ ਗਿਆ ਹੈ, ਮਛੌਂਡਾ ਵਿਚ ਪੁਲ ਬਣਾਉਣ ਨੂੰ ਮਨਜ਼ੂਰੀ ਦਿਵਾਈ ਹੈ, ਨਨਹੇੜਾ ਵਿਚ ਪੁਲ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਘਸੀਟਪੁਰ ਵਿਚ ਅੰਡਰਪਾਸ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਬਤੌਰਾ, ਮੀਡੀਆ ਕੋਆਰਡੀਨੇਟਰ ਵਿਜੇਂਦਰ ਚੌਹਾਨ, ਬਲਵਿੰਦਰ ਸਿੰਘ ਸ਼ਾਹਪੁਰ, ਸਾਹਿਬ ਸਿੰਘ ਮੌਹੜੀ, ਲਲਿਤ ਚੌਧਰੀ ਮੌਜੂਦ ਸਨ।