ਨਿੱਜੀ ਪੱਤਰ ਪ੍ਰੇਰਕ
ਸਿਰਸਾ, 13 ਜੂਨ
ਇਥੋਂ ਦੇ ਪਿੰਡ ਧਰਮਪੁਰਾ ਥੇੜ੍ਹੀ ਦੀ ਢਾਣੀ ਅੱਠ ਬੁਰਜੀ ਵਿੱਚ ਕੰਧ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੇ ਪਰਿਵਾਰ ਨੇ ਦੂਜੀ ਧਿਰ ’ਤੇ ਵਿਅਕਤੀ ਨੂੰ ਧੱਕਾ ਦੇਣ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਮ੍ਰਿਤਕ ਦੇ ਭਤੀਜੇ ਤੇ ਉਸ ਦੀ ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਢਾਣੀ ਅੱਠ ਬੁਰਜ ਵਾਸੀ ਜੀਤ ਸਿੰਘ ਦਾ ਆਪਣੇ ਭਤੀਜੇ ਨਾਲ ਕੰਧ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੱਸਿਆ ਗਿਆ ਹੈ ਕਿ ਬੀਤੇ ਕੱਲ੍ਹ ਦੇਰ ਸ਼ਾਮ ਜਦੋਂ ਜੀਤ ਸਿੰਘ ਤੇ ਉਸ ਦੇ ਭਤੀਜੇ ਮਨੂ ਦਰਮਿਆਨ ਤੂੰ ਤੂੰ ਮੈਂ ਮੈਂ ਹੋ ਰਹੀ ਸੀ ਤਾਂ ਇਸੇ ਦੌਰਾਨ ਮਨੂੂ ਨੇ ਕਥਿਤ ਤੌਰ ’ਤੇ ਜੀਤ ਸਿੰਘ ਨੂੰ ਧੱਕਾ ਦੇ ਦਿੱਤਾ, ਜਿਸ ਨਾਲ ਉਹ ਹੇਠਾਂ ਜ਼ਮੀਨ ’ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਰਾਣੀਆਂ ਥਾਣਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕ ਜੀਤ ਸਿੰਘ ਦੇ ਪੁੱਤਰ ਦਲਬੀਰ ਸਿੰਘ ਦੀ ਸ਼ਿਕਾਇਤ ’ਤੇ ਮਨੂ ਤੇ ਉਸ ਦੀ ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।