ਪੱਤਰ ਪ੍ਰੇਰਕ
ਜੀਂਦ, 17 ਮਾਰਚ
ਇੱਥੇ ਨਵੀਂ ਅਨਾਜ ਮੰਡੀ ਵਿੱਚ ਕਿਸਾਨ ਵੱਲੋਂ ਵੇਚਣ ਲਈ ਲਿਆਂਦੀ ਗਈ ਕਪਾਹ ਦੀ ਢੇਰੀ ਨੂੰ ਅੱਗ ਲੱਗ ਜਾਣ ਕਾਰਨ ਉਸ ਦਾ ਕਰੀਬ 65 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਪਿੰਡ ਡਾਹੌਲਾ ਦਾ ਕਿਸਾਨ ਆਪਣੀ ਲਗਪਗ 20 ਮਨ ਕਪਾਹ ਦੀ ਢੇਰੀ ਇੱਥੇ ਨਵੀਂ ਅਨਾਜ ਮੰਡੀ ਵਿੱਚ ਦੁਕਾਨ ਨੰਬਰ 111 ਉੱਤੇ ਵੇਚਣ ਲਈ ਲਿਆਇਆ ਸੀ। ਉਹ ਕਪਾਹ ਦੀ ਬੋਲੀ ਦਾ ਇੰਤਜ਼ਾਰ ਕਰ ਰਿਹਾ ਸੀ। ਇਸੇ ਦੌਰਾਨ ਕਪਾਹ ਦੀ ਢੇਰੀ ਨੂੰ ਅੱਗ ਲੱਗ ਗਈ ਤੇ ਵੇਖਦੇ ਹੀ ਵੇਖਦੇ ਭਾਂਬੜ ਮਚਣ ਲੱਗੇ। ਤੁਰੰਤ ਮਾਰਕੀਟ ਕਮੇਟੀ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਤੁਰੰਤ ਫਾਇਰ ਟੈਂਡਰ ਭੇਜ ਕੇ ਅੱਗ ਬੁਝਾਉਣ ਦੀ ਕੋਸ਼ਿਸ ਕੀਤੀ ਪਰ ਉਦੋਂ ਤੱਕ ਕਪਾਹ ਦੀ ਢੇਰੀ ਸੜ ਕੇ ਸੁਆਹ ਹੋ ਗਈ ਸੀ। ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਕਪਾਹ ਦੇ ਲਾਗੇ ਹੀ ਇੱਕ ਦੁਕਾਨ ਨੰਬਰ 109 ਦੀ ਦੂਜੀ ਮੰਜ਼ਿਲ ਉੱਤੇ ਵੈਲਡਿੰਗ ਦਾ ਕੰਮ ਕੀਤਾ ਜਾ ਰਿਹਾ ਸੀ, ਉਸ ਦੀ ਚੰਗਿਆੜੀ ਨਾਲ ਇਸ ਕਪਾਹ ਨੂੰ ਅੱਗ ਲੱਗੀ ਹੈ। ਉੱਧਰ ਮਾਰਕੀਟ ਕਮੇਟੀ ਜੀਂਦ ਦੇ ਸਕੱਤਰ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਅੱਗ ਲੱਗਣ ਦੀ ਘਟਨਾ ਤੋਂ ਬਚਾਓ ਰੱਖਣ ਲਈ ਮਾਰਕੀਟ ਕਮੇਟੀ ਵੱਲੋਂ ਦੁਕਾਨਦਾਰਾਂ ਅਤੇ ਕਿਸਾਨਾਂ ਨੂੰ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ। ਜਾਪਦਾ ਹੈ ਕਿ ਢੇਰੀ ਨੂੰ ਅੱਗ ਵੈਲਡਿੰਗ ਦੀ ਚੰਗਿਆੜੀ ਕਾਰਨ ਹੀ ਲੱਗੀ ਹੋਵੇ।
ਆੜ੍ਹਤੀਆਂ ਵੱਲੋਂ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਮੰਗ ਪੱਤਰ
ਜੀਂਦ (ਪੱਤਰ ਪ੍ਰੇਰਕ): ਪੀਆਰ ਜੀਰੀ ਦੀ ਆੜ੍ਹਤ ਅਤੇ ਮਜ਼ਦੂਰੀ ਨੂੰ ਲੈ ਕੇ ਆੜ੍ਹਤੀਆ ਨੇ ਡਿਪਟੀ ਸੀਐਮ ਦੇ ਨਾਮ ਮਾਰਕੀਟ ਕਮੇਟੀ ਸਕੱਤਰ ਨਰਿੰਦਰ ਕੁੰਡੂ ਨੂੰ ਮੈਮੋਰੰਡਮ ਸੌਂਪਿਆ। ਆੜ੍ਹਤੀਆਂ ਨੇ ਦੱਸਿਆ ਕਿ ਪੀਆਰ ਜੀਰੀ ਦਾ ਸੀਜ਼ਨ ਖਤਮ ਹੋਏ ਚਾਰ ਮਹੀਨੇ ਹੋ ਚੁੱਕੇ ਹਨ, ਹੁਣ ਤੱਕ ਆੜ੍ਹਤੀਆਂ ਦੀ ਆੜ੍ਹਤ ਅਤੇ ਮਜ਼ਦੂਰੀ ਨਹੀਂ ਮਿਲੀ ਹੈ। 1 ਲੱਖ, 60 ਹਜ਼ਾਰ ਕੁਇੰਟਲ ਪੀਆਰ ਜੀਰੀ ਦੀ ਖਰੀਦ ਇੱਥੇ ਐੱਫਸੀਆਈ ਨੇ ਕੀਤੀ ਸੀ ਅਤੇ ਕਰੋੜਾਂ ਰੁਪਏ ਦੀ ਆੜ੍ਹਤ ਅਤੇ ਮਜ਼ਦੂਰੀ ਸਰਕਾਰ ਵੱਲ ਬਕਾਇਆ ਪਈ ਹੈ। ਇਸ ਮੌਕੇ ਦਲਬੀਰ ਖੇੜੀ ਮਸਾਨੀਆ, ਬਲਰਾਜ ਸਿਓਕੰਦ, ਸੁਰੇਸ਼ ਖਰਕਭੁਰਾ ਅਤੇ ਰਮੇਸ਼ ਨੰਬਰਦਾਰ ਹਾਜ਼ਰ ਸਨ।