ਟੋਹਾਣਾ: ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵੱਲੋਂ ਛਪਵਾਏ ਗਏ ਛੋਟੇ ਕੈਲੰਡਰ ਵਿੱਚ ਚੌਧਰੀ ਚਰਨ ਸਿੰਘ ਦੀ ਫੋਟੋ ਗਾਇਬ ਕਰਨ ਦਾ ਕਿਸਾਨ ਜਥੇਬੰਦੀਆਂ ਵੱਲੋਂ ਸਖ਼ਤ ਨੋਟਿਸ ਲੈਣ ’ਤੇ ’ਵਰਸਿਟੀ ਵੱਲੋਂ ਮਸਲੇ ਦੇ ਨਿਪਟਾਰੇ ਲਈ ਉਪ ਕੁਲਪਤੀ ਬੀ.ਆਰ. ਕੰਬੋਜ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ। ਸ੍ਰੀ ਕੰਬੋਜ ਨੇ ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਕਿ ਖੇਤੀਬਾੜੀ ਯੂਨੀਵਰਸਿਟੀ ਦਾ ਵੱਡਾ ਕੈਲੈੰਡਰ ਜੋ ਦਿੱਲੀ ਵਿੱਚ ਛਾਪਿਆ ਜਾ ਰਿਹਾ ਹੈ, ਉਸ ਵਿੱਚ ਚੌਧਰੀ ਚਰਨ ਸਿੰਘ ਦੀ ਫੋਟੋ ਨੂੰ ਸਤਿਕਾਰਯੋਗ ਸਥਾਨ ਦਿੱਤਾ ਗਿਆ ਹੈ। ’ਵਰਸਿਟੀ ਦਾ ਵੱਡਾ ਕੈਲੰਡਰ ਇੱਕ ਹਫ਼ਤੇ ਬਾਅਦ ਕਿਸਾਨਾਂ ਤੇ ਵਿਭਾਗ ਨੂੰ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ