ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਅਗਸਤ
ਕੁਰੂਕਸ਼ੇਤਰ ਵਿਚ ਵੰਡ ਵਿਭਿਸ਼ਕਾ ਯਾਦਗਾਰੀ ਦਿਵਸ ’ਤੇ ਕਰਵਾਏ ਸੂਬਾ ਪੱਧਰੀ ਪ੍ਰੋਗਰਾਮ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਦੇਸ਼ ਦੀ ਵੰਡ ਵੇਲੇ ਸ਼ਹੀਦ ਹੋਏ ਦੇਸ਼ ਦੇ ਲੱਖਾਂ ਲੋਕਾਂ ਦੀ ਯਾਦ ਵਿਚ ਪਿਪਲੀ ਦੇ ਕੋਲ ਪੰਚਨਦ ਸਮਾਰਕ ਟਰੱਸਟ ਵੱਲੋਂ 25 ਏਕੜ ਵਿਚ ਸ਼ਹੀਦ ਸਮਾਰਕ ਬਣਾਇਆ ਜਾਵੇਗਾ, ਜਿਸ ਦਾ ਨਿਰਮਾਣ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਸਮਾਰਕ ਦੀ ਕੌਮੀ ਪੱਧਰ ’ਤੇ ਪਛਾਣ ਬਣੇ, ਜਿਸ ਲਈ ਸਮਾਜ ਦੇ ਹਰ ਇਕ ਵਿਅਕਤੀ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਵਡੇਰਿਆਂ ਦੇ ਬਲੀਦਾਨ ਨੂੰ ਯਾਦ ਕਰਕੇ ਆਪਣਾ ਯੋਗਦਾਨ ਪਾਉਣ। ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਦੀ ਅਨਾਜ ਮੰਡੀ ਵਿਚ ਪੰਚਨਦ ਟਰੱਸਟ ਵੱਲੋਂ ਕਰਵਾਏ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਨੇ ਦੇਸ਼ ਦੀ ਵੰਡ ਵੇਲੇ ਹੋਏ ਖੂਨੀ ਦੌਰ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਵਿਚ ਕਾਲਾ ਦਿਨ ਮੰਨਿਆ ਜਾਂਦਾ ਹੈ। ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੇ ਦੇਸ਼ ਨੂੰ ਅੱਗੇ ਵਧਾਉਣਾ ਹੈ ਤਾਂ ਉਨ੍ਹਾਂ ਨੂੰ ਸਮਾਜ, ਸੰਸਕ੍ਰਿਤੀ ਤੇ ਭਾਸ਼ਾ ਨੂੰ ਯਾਦ ਰੱਖਣਾ ਹੋਵੇਗਾ।
ਭਾਰਤ ਵੰਡ ਨਾਲ ਸਬੰਧਤ ਲਘੂ ਫਿਲਮਾਂ ਦਿਖਾਈਆਂ
ਫਰੀਦਾਬਾਦ (ਪੱਤਰ ਪ੍ਰੇਰਕ): ਡੀਏਵੀ ਸ਼ਤਾਬਦੀ ਕਾਲਜ ਫਰੀਦਾਬਾਦ ਨੇ ਯੂਜੀਸੀ ਦੀਆਂ ਹਦਾਇਤਾਂ ਅਨੁਸਾਰ 14 ਅਗਸਤ ਨੂੰ ‘ਵਿਭਾਜਨ ਵਿਭਿਸ਼ਿਕਾ ਯਾਦਗਾਰੀ ਦਿਵਸ’ ਮਨਾਇਆ। ਇਸ ਮੌਕੇ ਕਾਲਜ ਦੇ ਆਡੀਟੋਰੀਅਮ ਵਿੱਚ ਭਾਰਤ ਦੀ ਵੰਡ ਨਾਲ ਸਬੰਧਤ ਲਘੂ ਫਿਲਮਾਂ ਅਤੇ ਵੰਡ ਨਾਲ ਸਬੰਧਤ ਤਸਵੀਰਾਂ ਦਿਖਾਈਆਂ ਗਈਆਂ। ਕਾਲਜ ਦੇ ਸਾਰੇ ਪ੍ਰੋਫ਼ੈਸਰਾਂ ਨੇ ਇਹ ਫ਼ਿਲਮ ਦੇਖੀ ਤੇ ਉਸ ਸਮੇਂ ਦਾ ਹਾਲਾਤਾਂ ਬਾਰੇ ਜਾਣਕਾਰੀ ਲਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਵਿਜੇਵੰਤੀ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਵੰਡ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਵੰਡ ਦੀ ਹਿੰਸਾ ਕਾਰਨ ਸਾਡੀਆਂ ਲੱਖਾਂ ਭੈਣਾਂ ਅਤੇ ਭਰਾਵਾਂ ਨੂੰ ਬੇਘਰ ਹੋਣਾ ਪਿਆ। ਇਹ ਦਿਨ ਸਾਨੂੰ ਨਾ ਸਿਰਫ਼ ਭੇਦਭਾਵ, ਵੈਰ-ਵਿਰੋਧ ਅਤੇ ਬੁਰਾਈਆਂ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰੇਗਾ। ਜ਼ਿਕਰਯੋਗ ਹੈ ਕਿ ਦੇਸ਼ ਦੀ ਵੰਡ ਵੇਲੇ ਸ਼ਰਨਾਰਥੀ ਬਣੇ ਹਜ਼ਾਰਾਂ ਪੰਜਾਬੀਆਂ ਨੂੰ ਤਤਕਾਲੀ ਪੰਜਾਬ ਸਰਕਾਰ ਨੇ ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ ਵਿੱਚ ਵਸਾਇਆ ਸੀ ਤੇ ਇੱਥੇ ਨੌਕਰੀਆਂ ਪੈਦਾ ਕਰਨ ਲਈ ਸਨਅਤੀ ਇਲਾਕਾ ਵਿਕਸਤ ਕੀਤਾ ਸੀ।