ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਫਰਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਲਗਾਤਾਰ ਸਿੰਘੂ ਬਾਰਡਰ ’ਤੇ ਧਰਨਾ ਦੇ ਰਹੀਆਂ ਹਨ, ਉਥੇ ਹੀ ਜਗਤਾਰ ਸਿੰਘ ਢੀਂਡਸਾ ਨੇ ਪਿਛਲੇ 61 ਦਿਨਾਂ ਤੋਂ ਅੰਨ ਤਿਆਗ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਜਗਤਾਰ ਸਿੰਘ ਅੱਜ ਆਪਣੀ ਟੀਮ ਨਾਲ ਦਿੱਲੀ ਜਾਂਦੇ ਹੋਏ ਸ਼ਾਹਬਾਦ ਦੇ ਸ਼ਹੀਦ ਊਧਮ ਸਿੰਘ ਯਾਦਗਾਰ ’ਤੇ ਰੁਕਿਆ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਟੀਮ ਨਾਲ ਜ਼ੀਰਕਪੁਰ ਤੋਂ ਸਿੰਘੂ ਬਾਰਡਰ ਤੱਕ ਨੰਗੇ ਪੈਰੀਂ ਪੈਦਲ ਮਾਰਚ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਕਰੀਬ ਹਰ ਰੋਜ਼ 40 ਕਿਲੋਮੀਟਰ ਸਫਰ ਤੈਅ ਕਰ ਰਹੀ ਹੈ। ਪਿਛਲੇ 61 ਦਿਨਾਂ ਤੋਂ ਉਨ੍ਹਾਂ ਨੇ ਅੰਨ ਨਹੀਂ ਖਾਧਾ ਸਿਰਫ ਤਰਲ ਪਦਾਰਥ ਹੀ ਲੈ ਰਹੇ ਹਨ ਤੇ ਉਨ੍ਹਾਂ ਦਾ 23 ਕਿਲੋ ਭਾਰ ਘੱਟ ਗਿਆ ਹੈ। ਜਗਤਾਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਨ੍ਹਾਂ ਦੀ ਇਹੀ ਮੰਗ ਹੈ ਕਿ ਤਿੰਨੋਂ ਖੇਤੀ ਕਾਨੂੰਨ ਕਿਸਾਨਾਂ ’ਤੇ ਜਬਰੀ ਨਾ ਥੋਪੇ ਜਾਣ ਅਤੇ ਉਨ੍ਹਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਘਰ ਭੇਜਿਆ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ, ਸੁਬੇਗ ਸਿੰਘ, ਰੁਪਿੰਦਰ ਢੀਂਡਸਾ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ, ਸੁਖਰਾਜ ਸਿੰਘ ਰੰਧਾਵਾ ਆਦਿ ਮੌਜੂਦ ਸਨ।