ਮਹਾਵੀਰ ਮਿੱਤਲ
ਜੀਂਦ, 18 ਫਰਵਰੀ
ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਸੰਗਠਨਾਂ ਦੇ ਵੀਰਵਾਰ ਦੇ ਰੇਲ ਰੋਕੋ ਸੱਦੇ ’ਤੇ ਅੱਜ ਕਿਸਾਨ ਸੰਗਠਨਾਂ ਨੇ ਜੀਂਦ ਦੇ ਬਰਸੋਲਾ ਅਤੇ ਨਰਵਾਣਾ ਰੇਲਵੇ ਲਾਈਨਾਂ ’ਤੇ ਧਰਨਾ ਦੇ ਕੇ ਰੇਲ ਗੱਡੀਆਂ ਰੋਕੀਆਂ। ਕਿਸਾਨ ਸੰਗਠਨਾਂ ਦੇ ਰੇਲ ਰੋਕੋ ਮੁਹਿੰਮ ਨੂੰ ਵੇਖਦੇ ਹੋਏ ਜੀਂਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਚੌਕਸ ਰਹੀ। ਬਰਸੋਲਾ ਅਤੇ ਨਰਵਾਣਾ ਵਿੱਚ ਜੀਂਦ ਪੁਲੀਸ ਦੀਆਂ ਦੋ ਕੰਪਨੀਆਂ ਦੀ ਤਾਇਨਾਤੀ ਕੀਤੀ ਗਈ। ਜੀਂਦ ਦੇ ਕਿਸਾਨ ਸੰਗਠਨਾਂ ਦੀ ਅਗਵਾਈ ਹੇਠ ਰੇਲ ਰੋਕਣ ਲਈ ਦੋ ਪੁਆਇੰਟ ਬਣਾਏ ਹੋਏ ਸੀ। ਇਨ੍ਹਾਂ ਵਿੱਚ ਪਹਿਲਾ ਅਤੇ ਵੱਡਾ ਪੁਆਇੰਟ ਜੀਂਦ-ਨਰਵਾਣਾ ਰੇਲਵੇ ਸੈਕਸ਼ਨ ਦਾ ਬਰਸੋਲਾ ਰੇਲਵੇ ਸਟੇਸ਼ਨ ਅਤੇ ਦੂਸਰਾ ਨਰਵਾਣਾ ਰੇਲਵੇ ਸਟੇਸ਼ਨ ਬਣਾਇਆ ਗਿਆ ਸੀ। ਬਰਸੋਲਾ ਰੇਲਵੇ ਸਟੇਸ਼ਨ ਖਟਕੜ ਟੌਲ ਪਲਾਜ਼ਾ ਤੋਂ ਮਾਤਰ ਦੋ ਮੀਲ ਦੀ ਦੂਰੀ ’ਤੇ ਸੀ ਤੇ ਖਟਕੜ ਟੌਲ ਪਲਾਜ਼ੇ ’ਤੇ ਲਗਭਗ ਡੇਢ ਮਹੀਨੇ ਤੋਂ ਕਿਸਾਨ ਲਗਾਤਾਰ ਧਰਨੇ ਉੱਤੇ ਬੈਠੇ ਹਨ। ਇਸੇ ਟੌਲ ਪਲਾਜ਼ਾ ਤੋਂ ਜਾ ਕੇ ਕਿਸਾਨਾਂ ਨੇ ਅੱਜ ਬਰਸੋਲਾ ਰੇਲਵੇ ਸਟੇਸ਼ਨ ਉੱਤੇ ਰੇਲ ਗੱਡੀਆਂ ਰੋਕੀਆਂ। ਦੂਸਰੇ ਪੁਆਇੰਟ ਨਰਵਾਣਾ ਵਿੱਚ ਨਰਵਾਣਾ-ਹਿਸਾਰ ਕੌਮੀ ਹਾਈਵੇਅ ਉੱਤੇ ਬਣੇ ਆਰਓਬੀ ਦੇ ਹੇਠਾਂ ਕਿਸਾਨ ਸੰਗਠਨ ਨੇ ਰੇਲ ਗੱਡੀਆਂ ਰੋਕੀਆਂ। ਇਹ ਪੁਆਇੰਟ ਵੀ ਬੱਦੋਵਾਲ ਟੌਲ ਪਲਾਜ਼ਾ ਤੋਂ ਮਾਤਰ ਢਾਈ ਮੀਲ ਦੀ ਦੂਰੀ ਉੱਤੇ ਹੈ। ਬੱਦੋਵਾਲ ਟੌਲ ਪਲਾਜ਼ਾ ਉੱਤੇ ਕਿਸਾਨ ਕਈ ਮਹੀਨੇ ਤੋਂ ਧਰਨੇ ਉੱਤੇ ਬੈਠੇ ਹਨ। ਇੱਥੋਂ ਉਠਕੇ ਕਿਸਾਨਾਂ ਨੇ ਨਰਵਾਣਾ ਵਿੱਚ ਰੇਲਵੇ ਟਰੈਕ ਜਾਮ ਕੀਤਾ।
ਅੱਜ ਜੀਂਦ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਸੰਗਠਨਾਂ ਦੁਆਰਾ ਸ਼ਾਂਤਮਈ ਤਰੀਕੇ ਨਾਲ 12 ਵਜੇ ਤੋਂ 4 ਵਜੇ ਤੱਕ ਰੇਲਵੇ ਟਰੈਕ ਉੱਤੇ ਆਪਣਾ ਕਬਜ਼ਾ ਜਮਾਏ ਰੱਖਿਆ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਸਤਿਵੀਰ ਸਿੰਘ ਬਰਸੋਲਾਤ ਨੇ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਲਗਭਗ 10 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਉੱਧਰ ਮਹਿਲਾ ਸੈੱਲ ਦੀ ਜ਼ਿਲ੍ਹਾ ਪ੍ਰਧਾਨ ਸਿੱਕਿਮ ਦੇਵੀ ਨੈਣ ਨੇ ਕਿਹਾ ਕਿ ਅੱਜ ਮਹਿਲਾਵਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਵੱਧ ਸੀ। ਉੱਧਰ ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ ਇੱਕ ਨੌਜਵਾਨ ਸਾਹਮਣੇ ਤੋਂ ਆ ਰਹੀ ਰੇਲ ਗੱਡੀ ਨੂੰ ਵੇਖ ਕੇ ਰੇਲਵੇ ਲਾਈਨ ਵਿਚਕਾਰ ਆ ਗਿਆ ਤੇ ਪੱਥਰ ਉਠਾਉਣ ਲੱਗਾ। ਇਸ ਨੌਜਵਾਨ ਨੂੰ ਕਿਸਾਨ ਸੰਗਠਨ ਦੇ ਵਾਲੰਟਰੀਆਂ ਨੇ ਤੁਰੰਤ ਫੜ ਲਿਆ।
ਯਮੁਨਾਨਗਰ (ਦਵਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਰੇਲ ਰੋਕੋ ਪ੍ਰੋਗਰਾਮ ਦੇ ਤਹਿਤ ਕਿਸਾਨਾਂ ਨੇ ਰੇਲਵੇ ਸਟੇਸ਼ਨ ਯਮੁਨਾਨਗਰ-ਜਗਾਧਰੀ ’ਤੇ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਰੇਲਾਂ ਨੂੰ ਰੋਕਣ ਲਈ ਰੇਲਵੇ ਲਾਈਨਾਂ ’ਤੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰੇਲਵੇ ਸੁਰੱਖਿਆ ਪੁਲੀਸ ਅਤੇ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਰਹੀ। ਰੇਲਵੇ ਸਟੇਸ਼ਨ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਹੱਕ ਦੀ ਲੜਾਈ ਲੜ ਰਹੇ ਹਨ ਪਰ ਸਰਕਾਰ ਕਿਸਾਨਾਂ ’ਤੇ ਝੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਿੰਨੇ ਮਰਜ਼ੀ ਜ਼ੁਲਮ ਕਰ ਲਵੇ ਪਰ ਕਿਸਾਨ ਉਸ ਸਮੇਂ ਤੱਕ ਚੈਨ ਨਾਲ ਨਹੀਂ ਬੈਠਣਗੇ ਜਦੋਂ ਤੱਕ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ।