ਇਕਬਾਲ ਸ਼ਾਂਤ
ਡੱਬਵਾਲੀ, 18 ਅਗਸਤ
ਪਿੰਡ ਮਸੀਤਾਂ ਵਿੱਚ ਫ਼ਸਲ ਖਰੀਦਣ ਦੀ ਆੜ ਹੇਠ ਵਜ਼ਨ ਕਰਨ ਵਾਲੀ ਮਸ਼ੀਨ ਵਿੱਚ ਰਿਮੋਰਟ ਨਾਲ ਫੇਰਬਦਲ ਕਰ ਕੇ ਕਿਸਾਨਾਂ ਨੂੰ ਚੂਨਾ ਲਗਾਉਣਾ ਵਾਲਾ ਗਰੋਹ ਅੱਜ ਕਿਸਾਨਾਂ ਅੜਿੱਕੇ ਚੜ੍ਹ ਗਿਆ। ਗਰੋਹ ਦੇ ਮੈਂਬਰਾਂ ਦੀ ਕਿਸਾਨਾਂ ਨੇ ਚੰਗੀ ਭੁਗਤ ਸੰਵਾਰੀ ਅਤੇ ਆਰਥਿਕ ਲੁੱਟ ਕਰਨ ਬਦਲੇ ਜੁਰਮਾਨਾ ਵੀ ਵਸੂਲਿਆ। ਇਹ ਗਰੋਹ ਸਹੀ ਅਤੇ ਫ਼ੇਰਬਦਲ ਵਾਲੀਆਂ ਦੋ ਵੱਖ-ਵੱਖ ਮਸ਼ੀਨਾਂ ਰਾਹੀਂ ਕਿਸਾਨਾਂ ਦੀ ਫਸਲ ’ਚ ਪ੍ਰਤੀ ਕੁਇੰਟਲ 20-25 ਕਿੱਲੋ ਤੱਕ ਕੁੰਡੀ ਲਗਾਉਂਦਾ ਸੀ। ਕਰੀਬ ਡੇਢ ਦਰਜਨ ਵਿਅਕਤੀਆਂ ’ਤੇ ਆਧਾਰਤ ਇਹ ਗਰੋਹ ਹਰਿਆਣਾ ਦੇ ਐੱਨਸੀਆਰ ਖੇਤਰ ਨਾਲ ਸਬੰਧਤ ਹੈ। ਇਹ ਗਰੋਹ ਪਿੰਡਾਂ ‘ਚ ਕਿਸਾਨਾਂ ਨੂੰ ਮਾਰਕਿਟ ਭਾਅ ਤੋਂ ਦੋ-ਢਾਈ ਸੌ ਰੁਪਏ ਪ੍ਰਤੀ ਕੁਇੰਟਲ ਵੱਧ ਕੀਮਤ ਦੇ ਕੇ ਫ਼ਸਲ ਖਰੀਦਦਾ ਹੈ।
ਕਿਸਾਨ ਆਗੂ ਐਸ.ਪੀ. ਮਸੀਤਾਂ ਨੇ ਦੱਸਿਆ ਕਿ ਖੁਦ ਨੂੰ ਫ਼ਸਲ ਵਪਾਰੀ ਦੱਸਣ ਵਾਲੇ ਕੁੱਝ ਵਿਅਕਤੀ ਪਿੰਡ ਮਸੀਤਾਂ ਦੇ ਕਿਸਾਨ ਗੁਰਤੇਜ ਸਿੰਘ ਕੋਲ ਪੁੱਜੇ। ਉਨ੍ਹਾਂ ਨੇ 5800-6000 ਰੁਪਏ ਤੱਕ ਦੇ ਭਾਅ ਵਾਲੀ ਸਰ੍ਹੋਂ ਦੀ ਫ਼ਸਲ ਨੂੰ ਕਰੀਬ 6200 ਰੁਪਏ ’ਚ ਖਰੀਦਣ ਦੀ ਗੱਲ ਖੋਲ੍ਹ ਲਈ। ਇਸ ਦੌਰਾਨ ਵਪਾਰੀਆਂ ਨੇ ਇੱਕ ਕੈਂਟਰ ਸਰ੍ਹੋਂ ਤੋਲ ਕੇ ਉੰਥੋਂ ਭਿਜਵਾ ਦਿੱਤਾ। ਸਰ੍ਹੋਂ ਦਾ ਦੂਸਰਾ ਕੈਂਟਰ ਭਰਨ ਸਮੇਂ ਗੁਰਤੇਜ ਸਿੰਘ ਨੂੰ ਵਜ਼ਨ ’ਤੇ ਸ਼ੱਕ ਹੋਇਆ। ਉਨ੍ਹਾਂ ਕਿਸਾਨ ਨਾਲ ਧੱਕਾ-ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਭਖਣ ’ਤੇ ਪਿੰਡ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਘੇਰ ਲਿਆ। ਗਰੋਹ ਕੋਲੋਂ ਵਜ਼ਨ ਕਰਨ ਵਾਲੀਆਂ ਦੋ ਡਿਸਪਲੇਅ ਮਸ਼ੀਨਾਂ ਮਿਲੀਆਂ, ਜਿਨ੍ਹਾਂ ਵਿੱਚੋਂ ਇੱਕ ਸਹੀ ਸੀ, ਜਦਕਿ ਦੂਸਰੀ ਮਸ਼ੀਨ ਨੂੰ ਜੇਬ ਵਿੱਚ ਰੱਖੇ ਰਿਮੋਟ ਰਾਹੀਂ ਕੰਟਰੋਲ ਕੇ 20 ਕਿੱਲੋ ਤੱਕ ਦਾ ਫ਼ਰਕ ਪਾਇਆ ਜਾ ਰਿਹਾ ਸੀ।
ਗਰੋਹ ਦੇ ਮੈਂਬਰਾਂ ਨੇ ਕਿਸਾਨਾਂ ਦੇ ਮੋਬਾਈਲ ਫੋਨ ’ਤੇ ਮਸਾਰੀ ਕਹਾਣੀ ਨੂੰ ਕਬੂਲਿਆ ਅਤੇ ਇਸ ਗਲਤੀ ਲਈ ਜੁਰਮਾਨਾ-ਹਰਜਾਨਾ ਵੀ ਭਰਿਆ। ਐੱਸ.ਪੀ. ਮਸੀਤਾਂ ਨੇ ਕਿਸਾਨਾਂ ਨੂੰ ਅਜਿਹੇ ਗਰੋਹ ਹੱਥੋਂ ਆਰਥਿਕ ਲੁੱਟ ਤੋਂ ਬਚਣ ਲਈ ਜਾਗਰੂਕ ਹੋਣ ਦੀ ਅਪੀਲ ਕੀਤੀ।