ਰਤਨ ਸਿੰਘ ਢਿੱਲੋਂ
ਅੰਬਾਲਾ, 13 ਫਰਵਰੀ
ਇਥੋਂ ਦੀ ਖੰਨਾ ਮਾਰਕੀਟ ਵਿਚ ਗੋਬਿੰਦ ਏਜੰਸੀ ਨਾਂ ਦੀ ਕੱਪੜਿਆਂ ਦੀ ਦੁਕਾਨ ਵਿਚ ਸ਼ਾਰਟ ਸਰਕਟ ਕਾਰਨ ਬੀਤੀ ਦੇਰ ਸ਼ਾਮ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਇਕ ਘੰਟੇ ਅੰਦਰ ਹੀ ਕਰੀਬ 15 ਲੱਖ ਰੁਪਏ ਦੇ ਕੱਪੜੇ ਅਤੇ ਹੋਰ ਸਾਮਾਨ ਸੜ ਕੇ ਸਵਾਹ ਹੋ ਗਿਆ। ਅੱਗ ਲੱਗੀ ਦੇਖਦਿਆਂ ਹੀ ਆਸਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ ਅਤੇ ਅੱਗ ਬੁਝਾਊ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿੱਚ ਜੁੱਟ ਗਏ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਅੰਬਾਲਾ ਸ਼ਹਿਰ ਤੋਂ ਦੋ ਅਤੇ ਅੰਬਾਲਾ ਛਾਉਣੀ ਤੋਂ ਇਕ ਗੱਡੀ ਮੌਕੇ ’ਤੇ ਪਹੁੰਚੀ ਅਤੇ ਕਰਮਚਾਰੀਆਂ ਵੱਲੋਂ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਨਗਰ ਨਿਗਮ ਕਮਿਸ਼ਨਰ ਪਾਰਥ ਗੁਪਤਾ ਅਤੇ ਐੱਸਐੱਚਓ ਰਾਮ ਕੁਮਾਰ ਮੌਕੇ ’ਤੇ ਪਹੁੰਚੇ। ਦੁਕਾਨ ਦੇ ਮਾਲਕ ਵਿਪਨ ਰਾਵਲ ਅਨੁਸਾਰ ਉਹ ਕਰੀਬ 7 ਵਜੇ ਦੁਕਾਨ ਦਾ ਸ਼ੀਸ਼ੇ ਵਾਲਾ ਦਰਵਾਜ਼ਾ ਬੰਦ ਕਰ ਕੇ ਕਿਤੇ ਗਿਆ ਸੀ। ਇਸੇ ਦੌਰਾਨ ਪਿੱਛੋਂ ਸ਼ਾਰਟ-ਸਰਕਟ ਕਾਰਨ ਦੁਕਾਨ ਨੂੰ ਅੱਗ ਲੱਗ ਗਈ। ਦੁਕਾਨ ਵਿੱਚ ਕੱਪੜਿਆਂ ਤੋਂ ਇਲਾਵਾ ਲੈਪਟਾਪ ਅਤੇ ਹੋਰ ਸਾਮਾਨ ਵੀ ਸੜ ਗਿਆ। ਸ੍ਰੀ ਰਾਵਲ ਅਨੁਸਾਰ ਉਸ ਦਾ ਆਰਥਿਕ ਤੌਰ ’ਤੇ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।