ਪੱਤਰ ਪ੍ਰੇਰਕ
ਰਤੀਆ, 17 ਅਕਤੂਬਰ
ਇੱਥ ਫਤਿਆਬਾਦ ਰੋਡ ’ਤੇ ਤਹਿਸੀਲ ਕੰਪਲੈਕਸ ਸਾਹਮਣੇ ਪੁਲੀਸ ਮੁਲਾਜ਼ਮ ਨੇ ਇੱਕ ਢਾਬੇ ’ਤੇ ਕਰਿੰਦੇ ਨਾਲ ਕੁੱਟਮਾਰ ਅਤੇ ਗਾਲੀ ਗਲੋਚ ਕੀਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਵਾਇਰਲ ਵੀਡੀਓ ਦੇ ਮੱਦੇਨਜ਼ਰ ਪੁਲੀਸ ਕਪਤਾਨ ਆਸਥਾ ਮੋਦੀ ਨੇ ਕੁੱਟਮਾਰ ਕਰਨ ਵਾਲੇ ਪੁਲੀਸ ਮੁਲਾਜ਼ਮ ਏਐਸਆਈ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਮਾਮਲੇ ਦੀ ਵਿਭਾਗੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਜਿਸ ਵਿਚ ਪੁਲੀਸ ਦੇ ਤਿੰਨ ਮੁਲਾਜ਼ਮ ਵਰਦੀ ਵਿਚ ਤਹਿਸੀਲ ਕੰਪਲੈਕਸ ਦੇ ਸਾਹਮਣੇ ਬਣੇ ਵਿਜੇ ਢਾਬੇ ’ਤੇ ਪਹੁੰਚੇ। ਇਸ ਦੌਰਾਨ ਇਕ ਮੁਲਾਜ਼ਮ ਢਾਬੇ ਦੇ ਕਰਿੰਦੇ ਨਾਲ ਕੁੱਟਮਾਰ ਕਰਦਾ ਹੈ। ਇਸ ਦੌਰਾਨ ਢਾਬੇ ’ਤੇ ਕਿਸੇ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਪੁਲੀਸ ਵਿਭਾਗ ਹਰਕਤ ਵਿੱਚ ਆਇਆ। ਵੀਡੀਓ ਜਿਵੇਂ ਹੀ ਪੁਲੀਸ ਕਪਤਾਨ ਆਸਥਾ ਮੋਦੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਕੁੱਟਮਾਰ ਕਰਨ ਵਾਲੇ ਏਐਸਆਈ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਉਸ ਖਿਲਾਫ਼ ਵਿਭਾਗੀ ਜਾਂਚ ਦੇ ਨਿਰਦੇਸ਼ ਵੀ ਦਿੱਤੇ ਹਨ।
ਇਸ ਸਬੰਧੀ ਜਦੋਂ ਢਾਬਾ ਮਾਲਕ ਅਤੇ ਕਰਿੰਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਾਤ ਨੂੰ 12 ਵਜੇ ਦੇ ਕਰੀਬ ਤਿੰਨ ਪੁਲਸ ਕਰਮਚਾਰੀ ਉਨ੍ਹਾਂ ਦੇ ਢਾਬੇ ’ਤੇ ਆਏ, ਉਹ ਉਸ ਸਮੇਂ ਖਾਣਾ ਖਾ ਰਹੇ ਸਨ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਚਾਹ ਬਣਾਉਣ ਲਈ ਕਿਹਾ। ਉਨ੍ਹਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਖਾਣਾ ਖਾਣ ਮਗਰੋਂ ਚਾਹ ਬਣਾਉਣ ਲਈ ਕਿਹਾ ਤਾਂ ਪਰ ਇੱਕ ਮੁਲਾਜ਼ਮ ਨੇ ਗਾਲੀ ਗਲੋਚ ਕਰਦੇ ਹੋਏ ਢਾਬੇ ਦੇ ਕਰਿੰਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਧਮਕੀ ਵੀ ਦਿੱਤੀ।
ਇਸ ਬਾਰੇ ਜਦੋਂ ਪੁਲੀਸ ਕਪਤਾਨ ਆਸਥਾ ਮੋਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸੋਸ਼ਲ ਮੀਡੀਆ ਰਾਹੀਂ ਵੀਡੀਓ ਆਈ ਸੀ ਜਿਸ ਵਿਚ ਪੁਲੀਸ ਮੁਲਾਜ਼ਮ ਇਕ ਢਾਬੇ ਦੇ ਕਰਿੰਦੇ ਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।