ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਰਾਜੀਵ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਨਾਲ ਸਬੰਧਤ ਵੱਡੀ ਗਿਣਤੀ ਕਿਸਾਨਾਂ ਨੇ ਕਾਸ਼ਤਕਾਰ ਕਿਸਾਨਾਂ ਤੋਂ ਸ਼ਾਮਲਾਟ, ਜੁਮਲਾ ਮੁਸ਼ਤਰਕਾ ਮਾਲਕਾਨਾ ਜ਼ਮੀਨ ਦੇ ਮਾਲਕੀ ਹੱਕ ਵਾਪਸ ਪੰਚਾਇਤਾਂ ਨੂੰ ਦੇਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੁੱਖ ਮੰਤਰੀ ਦੇ ਨਾਂ ਦਾ ਇਕ ਮੈਮੋਰੰਡਮ ਐਸਡੀਐਮ ਸਲੋਨੀ ਸ਼ਰਮਾ ਨੂੰ ਦੇ ਕੇ ਮੰਗ ਕੀਤੀ ਹੈ ਕਿ ਇਹ ਹੁਕਮ ਵਾਪਿਸ ਲੈ ਕੇ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਦਿੱਤੀਆਂ ਜਾਣ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਜੀਵ ਸ਼ਰਮਾ ਹਸਨਪੁਰ ਨੇ ਕਿਹਾ ਕਿ ਸੂਬੇ ਦੀਆਂ ਕੁਝ ਤਹਿਸੀਲਾਂ ਵਿੱਚ ਕਾਸ਼ਤਕਾਰ ਕਿਸਾਨਾਂ ਵੱਲੋਂ ਉਕਤ ਜ਼ਮੀਨਾਂ ਦੇ ਅਧਿਕਾਰ ਪੰਚਾਇਤਾਂ ਅਤੇ ਨਗਰ ਪਾਲਿਕਾਵਾਂ ਨੂੰ ਦਿੱਤੇ ਜਾ ਰਹੇ ਹਨ ਅਤੇ ਇਨ੍ਹਾਂ ਜ਼ਮੀਨਾਂ ਦਾ ਇੰਤਕਾਲ ਕਾਸ਼ਤਕਾਰ ਕਿਸਾਨਾਂ ਦੇ ਨਾਂ ‘ਤੋਂ ਤੋੜ ਕੇ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਨੋਟਿਸ ਭੇਜ ਕੇ ਇਨ੍ਹਾਂ ਜ਼ਮੀਨਾਂ ‘ਤੇ ਕਬਜ਼ਾ ਛੱਡਣ ਦੇ ਹੁਕਮ ਦਿੱਤੇ ਜਾ ਰਹੇ ਹਨ, ਜਦਕਿ ਕਿਸਾਨ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਜ਼ਮੀਨਾਂ ‘ਤੇ ਕਾਸ਼ਤ ਕਰਦੇ ਆ ਰਹੇ ਹਨ ਅਤੇ ਕਿਸਾਨਾਂ ਦਾ ਇਨ੍ਹਾਂ ਜ਼ਮੀਨਾਂ ਤੇ ਪੂਰਾ ਮਾਲਕੀ ਹੱਕ ਸੀ। ਇਨ੍ਹਾਂ ਜ਼ਮੀਨਾਂ ਦੀ ਖਰੀਦ ਫਰੋਖਤ ਵੀ ਕਿਸਾਨ ਕਰ ਸਕਦੇ ਸੀ ਤੇ ਕਿਸਾਨ ਇਨ੍ਹਾਂ ਜ਼ਮੀਨਾਂ ’ਤੇ ਕਰਜ਼ਾ ਵੀ ਲੈ ਸਕਦੇ ਸਨ ਪਰ ਸਰਕਾਰ ਵਲੋਂ ਇਨ੍ਹਾਂ ਦੇ ਹੱਕ ਕਿਸਾਨਾਂ ਤੋਂ ਲੈ ਕੇ ਪੰਚਾਇਤਾਂ ਦੇ ਨਾਂ ਕਰਨਾ ਸਰਾਸਰ ਗਲਤ ਹੈ ਤੇ ਇਨ੍ਹਾਂ ਜ਼ਮੀਨਾਂ ਦਾ ਹੱਕ ਕਿਸਾਨਾਂ ਦੇ ਹੱਕ ਵਿਚ ਹੀ ਰਹਿਣਾ ਚਾਹੀਦਾ ਹੈ।