ਦਵਿੰਦਰ ਸਿੰਘ
ਯਮੁਨਾਨਗਰ, 6 ਸਤੰਬਰ
ਪਿੰਡ ਸਲੇਮਪੁਰ ਬਾਂਗੜ ਵਿੱਚ ਸਰਕਾਰ ਦੀ ‘ਜਗਮਗ’ ਸਕੀਮ ਦਾ ਵਿਰੋਧ ਕਰਨ ’ਤੇ ਇਕ ਕਿਸਾਨ ਖ਼ਿਲਾਫ਼ ਕੇਸ ਦਰਜ ਕਰਨ ਵਿਰੁੱਧ ਅੱਜ ਭਾਰਤੀ ਕਿਸਾਨ ਯੁੂਨੀਅਨ ਦੇ ਇੱਕ ਵਫਦ ਨੇ ਐੱਸਪੀ ਯਮੁਨਾਨਗਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ ਨੇ ਦੱਸਿਆ ਕਿ 2021 ਵਿੱਚ ਪਿੰਡ ਸਲੇਮਪੁਰ ਬਾਂਗੜ ਵਿੱਚ ‘ਜਗਮਗ’ ਸਕੀਮ ਦਾ ਵਿਰੋਧ ਕਰ ਰਹੇ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਰੋਧ ਕਰ ਰਹੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਲੇਮਪੁਰ ਬਾਂਗੜ ਤੋਂ ਭੇਢਥਲ ਤੱਕ ਸੜਕ ਨਹੀਂ ਬਣਾਈ ਜਾਂਦੀ ਉਦੋਂ ਤੱਕ ਜਗਮਗ ਸਕੀਮ ਦਾ ਵਿਰੋਧ ਕੀਤਾ ਜਾਵੇਗਾ । ਇਸ ’ਤੇ ਬਿਜਲੀ ਵਿਭਾਗ ਨੇ ਧਰਨਾਕਾਰੀ ਸੁਖਦੇਵ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਅਤੇ ਪੁਲੀਸ ਨੇ ਸੁਖਦੇਵ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ 2 ਮਹੀਨੇ ਪਹਿਲਾਂ ਕਿਸਾਨ ਯੁਨੀਅਨ ਦੇ ਸੂਬਾ ਪ੍ਰਧਾਨ ਰਤਨ ਮਾਨ ਦੀ ਅਗਵਾਈ ਹੇਠ ਕਿਸਾਨਾਂ ਨੇ ਯਮੁਨਾਨਗਰ ਦੇ ਬਿਜਲੀ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਦੇ ਦਫ਼ਤਰ ਦਾ ਘਿਰਾਓ ਕੀਤਾ ਸੀ। ਜਿਸ ਤੋਂ ਬਾਅਦ ਸੁਪਰਡੈਂਟ ਇੰਜਨੀਅਰ, ਪੁਲੀਸ ਦੇ ਡੀਐੱਸਪੀ ਹੈੱਡਕੁਆਰਟਰ ਅਤੇ ਪੀ.ਡਬਲਿਊਡੀ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਫੈਸਲਾ ਲਿਆ ਗਿਆ ਸੀ ਕਿ ਜਦੋਂ ਤੱਕ ਪਿੰਡ ਵਾਸੀਆਂ ਦੀ ਮੰਗ ਮੁਤਾਬਕ ਸੜਕ ਨਹੀਂ ਬਣ ਜਾਂਦੀ ਉਦੋਂ ਤੱਕ ਪਿੰਡ ਵਿੱਚ ਬਿਜਲੀ ਦੇ ਮੀਟਰ ਨਹੀਂ ਉਤਾਰੇ ਜਾਣਗੇ ਅਤੇ ਸੁਖਦੇਵ ਦਾ ਕੇਸ ਵੀ ਰੱਦ ਕੀਤਾ ਜਾਵੇਗਾ। ਪਰ ਹੁਣ ਮੁੜ ਤੋਂ ਐਸਐਚਓ ਸਦਰ ਜਗਾਧਰੀ ਵੱਲੋਂ ਸੁਖਦੇਵ ਨੂੰ ਥਾਣੇ ਵਿੱਚ ਪੇਸ਼ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਅੱਜ ਸਾਰੇ ਕਿਸਾਨ ਐੱਸਪੀ ਯਮੁਨਾਨਗਰ ਨੂੰ ਮਿਲੇ ਹਨ। ਸੁਪਰਡੈਂਟ ਪੁਲੀਸ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸਾਨਾਂ ਨਾਲ ਪਹਿਲਾਂ ਤੋਂ ਕੀਤੇ ਵਾਅਦੇ ਮੁਤਾਬਕ ਸੁਖਦੇਵ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।