ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 29 ਅਕਤੂਬਰ
ਕਾਲੇ ਖੇਤੀ ਕਾਨੂੰਨਾਂ ਵਿਰੁੱਧ ਡੱਬਵਾਲੀ-ਸਿਰਸਾ ਕੌਮੀ ਮਾਰਗ ’ਤੇ ਖੂਈਆਂ ਮਲਕਾਣਾ ਟੌਲ ਪਲਾਜ਼ਾ ਨੇੜੇ ਹਰਿਆਣਵੀ ਕਿਸਾਨਾਂ ਦੇ ਧਰਨੇ ਨੂੰ ਹਮਾਇਤ ਦੇਣ ਲਈ ਪੰਜਾਬ ਤੋਂ ਭਾਕਿਯੂ (ਏਕਤਾ) ਉਗਰਾਹਾਂ ਦੇ ਕਾਰਕੁਨ ਪੁੱਜੇ। ਡੱਬਵਾਲੀ ਖੇਤਰ ਦੇ ਕਿਸਾਨਾਂ ਨੇ ਇਹ ਧਰਨਾ ਬੀਤੇ ਕੱਲ ਸ਼ੁਰੂ ਕੀਤਾ ਸੀ। ਅਦਾਲਤੀ ਹੁਕਮਾਂ ਅਤੇ ਸਰਕਾਰੀ ਸਖ਼ਤੀ ਕਾਰਨ ਹਰਿਆਣਵੀ ਕਿਸਾਨ ਖੂਈਆਂ ਮਲਕਾਣਾ ਟੌਲ ਪਲਾਜ਼ਾ ’ਤੇ ਕਬਜ਼ਾ ਕਰ ਕੇ ਪੰਜਾਬ ਵਾਂਗ ਟੌਲ ਪਰਚੀ ਬੰਦ ਕਰਵਾਉਣ ’ਚ ਸਫ਼ਲ ਨਹੀਂ ਹੋ ਸਕੇ ਸਨ। ਇਸ ਮੌਕੇ ਪੰਜਾਬ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਕੁਲਵੰਤ ਰਾਏ ਅਤੇ ਤਰਸੇਮ ਸਿੰਘ ਮਿੱਠੜੀ ਬੁੱਧਗਿਰ ਨੇ ਆਖਿਆ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ, ਜਿਨਾਂ ਨੂੰ ਮੁਲਕ ਦੇ ਕਿਸਾਨਾਂ ਸਮੇਤ ਹੋਰ ਕਿਰਤੀ ਲੋਕਾਂ ਦੀ ਵਿਸ਼ਾਲ ਤੇ ਦ੍ਰਿੜ ਤਾਕਤ ਦੇ ਜ਼ੋਰ ਨਾਲ ਹੀ ਮਾਤ ਦਿੱਤੀ ਜਾ ਸਕਦੀ ਹੈ। ਹਰਿਆਣਾ ਦੇ ਕਿਸਾਨ ਆਗੂਆਂ ਨੇ ਪੰਜਾਬ ’ਚੋਂ ਆਏ ਕਿਸਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਇੱਥੇ ਚਲਦੇ ਧਰਨੇ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ।