ਨਿਜੀ ਪੱਤਰ ਪ੍ਰੇਰਕ
ਅੰਬਾਲਾ, 18 ਅਗਸਤ
ਐਮਆਰ ਗਰੁੱਪ ਦੇ ਮੁਖੀ ਮੋਨੂੰ ਰਾਣਾ ਨੇ ਐਮ.ਐਮ. ਯੂਨੀਵਰਸਿਟੀ ਮੁਲਾਣਾ ਦੇ ਪਾਰਕਿੰਗ ਕੇਅਰ ਟੇਕਰ ਕੋਲੋਂ ਹਰ ਮਹੀਨੇ 20 ਹਜ਼ਾਰ ਰੁਪਏ ਦੀ ਰੰਗਦਾਰੀ ਮੰਗੀ ਹੈ। ਉਸ ਨੇ ਠੇਕੇਦਾਰ ਨੂੰ ਵੱਟਸਐਪ ਕਾਲ ਕਰਕੇ ਰਕਮ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਜਿਸ ਤੋਂ ਬਾਅਦ ਠੇਕੇਦਾਰ ਦਹਿਸ਼ਤ ਵਿਚ ਹੈ। ਮੁਲਾਣਾ ਪੁਲੀਸ ਨੇ ਠੇਕੇਦਾਰ ਦੀ ਸ਼ਿਕਾਇਤ ’ਤੇ ਮੋਨੂੰ ਰਾਣਾ ਅਤੇ ਉਸ ਦੇ ਭਤੀਜੇ ਯੁਵਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਮ ਬਾਗ ਰੋਡ ਅੰਬਾਲਾ ਕੈਂਟ ਦੇ ਰਹਿਣ ਵਾਲੇ ਰਵੀ ਕਸ਼ਿਅਪ ਨੇ ਕਿਹਾ ਕਿ ਉਹ ਐਮ.ਐਮ ਯੂਨੀਵਰਸਿਟੀ ਵਿਚ ਪਾਰਕਿੰਗ ਦਾ ਕੇਅਰ ਟੇਕਰ ਹੈ। 13 ਅਗਸਤ ਨੂੰ ਸਵੇਰੇ ਅਣਪਛਾਤੇ ਨੰਬਰ ਤੋਂ ਵੱਟਸਐਪ ਕਾਲ ਆਈ। ਕਾਲਰ ਨੇ ਕਿਹਾ ਕਿ ਉਹ ਮੋਨੂੰ ਰਾਣਾ ਥੰਬੜ ਬੋਲ ਰਿਹਾ ਹੈ। ਤੂੰ ਹਰ ਮਹੀਨੇ 20 ਹਜ਼ਾਰ ਰੁਪਏ ਦੇ, ਨਹੀਂ ਤਾਂ ਤੈਨੂੰ ਜਾਨੋ ਮਰਵਾ ਦੇਵਾਂਗਾ। ਉਸ ਦਾ ਭਤੀਜਾ ਯੁਵਰਾਜ ਸਿੰਘ ਪੈਸੇ ਲੈਣ ਆਵੇਗਾ। ਰਵੀ ਕਸ਼ਿਅਪ ਅਨੁਸਾਰ ਉਸੇ ਦਿਨ ਮੋਨੂੰ ਰਾਣਾ ਦਾ ਭਤੀਜਾ ਆਪਣੇ ਦੋ ਸਾਥੀਆਂ ਨਾਲ ਆਇਆ ਅਤੇ 20 ਹਜ਼ਾਰ ਰੁਪਏ ਮੰਗਣ ਲੱਗਾ। ਮਨ੍ਹਾਂ ਕਰਨ ’ਤੇ ਉਸ ਨੇ ਕਿਹਾ ਕਿ ਮੋਨੂੰ ਰਾਣਾ ਬਹੁਤ ਵੱਡਾ ਗੈਂਗਸਟਰ ਹੈ। ਜੇ ਤੂੰ ਪੈਸੇ ਨਾ ਦਿੱਤੇ ਤਾਂ ਤੈਨੂੰ ਜਾਨੋ ਮਾਰ ਦੇਣਗੇ। ਅਗਲੇ 2-3 ਦਿਨਾਂ ਵਿਚ ਪੈਸਿਆਂ ਦਾ ਇੰਤਜ਼ਾਮ ਕਰਕੇ ਰੱਖੀਂ ਨਹੀਂ ਤਾਂ ਗੋਲ਼ੀ ਮਾਰ ਦਿਆਂਗੇ।